ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ/ਰਾਏਕੋਟ 26 ਅਕਤੂਬਰ
ਲੁਧਿਆਣਾ ਦਿਹਾਤੀ ਪੁਲੀਸ ਅਧੀਨ ਪੈਂਦੀ ਛਪਾਰ ਚੌਕੀ ਅਤੇ ਲੋਹਟਬੱਦੀ ਚੌਕੀ ਦੇ ਮੁਖੀਆਂ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਮੰਗਲਵਾਰ ਸ਼ਾਮ ਨੂੰ ਛੰਨਾ-ਜੰਡਾਲੀ ਸੜਕ ਤੋਂ ਉਨ੍ਹਾਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ਨਾਕੇ ’ਤੇ ਤਾਇਨਾਤ ਪੁਲੀਸ ਅਧਿਕਾਰੀਆਂ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ ਕੀਤੀ ਗਈ ਸੀ। ਮੁਲਜ਼ਮਾਂ ਦੀ ਪਛਾਣ ਕੁਲਜੀਤ ਸਿੰਘ ਉਰਫ਼ ਘੁੱਲਾ ਵਾਰਡ ਨੰਬਰ 14, ਸੁਮਿਤ ਉਰਫ਼ ਕਾਲੂ ਪੁਰਾਣੀ ਤਹਿਸੀਲ ਮੁਹੱਲਾ , ਹਰਦੀਪ ਸਿੰਘ ਉਰਫ਼ ਹੈਪੀ ਵਾਰਡ ਨੰਬਰ 6 ਅਤੇ ਨਰੇਸ਼ ਸ਼ਰਮਾ ਉਰਫ਼ ਕਾਲਾ ਵਾਰਡ ਨੰਬਰ 11 , ਵਾਸੀ ਅਹਿਮਦਗੜ੍ਹ ਵਜੋਂ ਹੋਈ। ਡੀਐੱਸਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਲੋਹਟਬੱਦੀ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਹਿਮਦਗੜ੍ਹ ਰਛੀਨ ਸੜਕ ਉੱਪਰ ਮਹੇਰਨਾ ਟੀ ਪੁਆਇੰਟ ’ਤੇ ਮੰਗਲਵਾਰ ਨੂੰ ਨਾਕੇ ਦੌਰਾਨ ਜਦੋਂ ਚਿੱਟੀ ਵੋਲਕਸਵੈਗਨ ਕਾਰ ( ਪੀਬੀ 10 ਸੀਐੱਲ 5656) ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕਾਂ ਨੇ ਕਾਰ ਇੰਚਾਰਜ ਸੁਖਵਿੰਦਰ ਸਿੰਘ ਅਤੇ ਏਐੱਸਆਈ ਸੁਖਜੀਤ ਸਿੰਘ ਉੱਪਰ ਚੜ੍ਹਾਉਣ ਦੀ ਕੋਸ਼ਿਸ ਕੀਤੀ ਅਤੇ ਫ਼ਰਾਰ ਹੋ ਗਏ । ਚੌਕੀ ਛਪਾਰ ਇੰਚਾਰਜ ਸ਼ਕੀਲ ਸਈਦ ਅਤੇ ਲੋਹਟਬੱਦੀ ਇੰਚਾਰਜ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਮੁਲਜ਼ਮਾਂ ਨੂੰ ਅਹਿਮਦਗੜ੍ਹ ਛੰਨਾ-ਜੰਡਾਲੀ ਕੱਚਾ ਰੋਡ ਤੋਂ ਗ੍ਰਿਫ਼ਤਾਰ ਕਰ ਲਿਆ ਜਿੱਥੇ ਉਨ੍ਹਾਂ ਦੀ ਕਾਰ ਟਾਇਰ ਪੰਕਚਰ ਹੋਣ ਕਰਕੇ ਖੜ੍ਹ ਗਈ ਸੀ।