ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਗਸਤ
ਮੁੱਲਾਂਪੁਰ ਦੇ ਪਿੰਡ ਦੇਤਵਾਲ ’ਚ ਪੰਜਾਬ ਨੈਸ਼ਨਲ ਬੈਂਕ ’ਚ ਦਾਖਲ ਹੋ ਕੇ ਸਾਢੇ 7 ਲੱਖ ਰੁਪਏ ਦੀ ਡਕੈਤੀ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਕਮਿਸ਼ਨਰੇਟ ਪੁਲੀਸ ਨੇ 48 ਘੰਟੇ ’ਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ 2 ਮੁਲਜ਼ਮ ਅਜੇ ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਬੈਂਕ ਦਾ ਮੁਲਾਜ਼ਮ ਵੀ ਸ਼ਾਮਲ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 2.39 ਲੱਖ ਰੁਪਏ ਦੀ ਨਗਦੀ ਤੋਂ ਇਲਾਵਾ, 12 ਬੋਰ ਦੀ ਡਬਲ ਬੈਰਲ ਗਨ, 14 ਕਾਰਤੂਸ ਤੇ 7 ਖੋਲ੍ਹਾਂ ਤੋਂ ਇਲਾਵਾ 32 ਬੋਰ ਦੀ ਦੇਸੀ ਪਿਸਤੌਲ ਦੇ ਨਾਲ 2 ਕਾਰਤੂਸ, ਤੇਜ਼ਧਾਰ ਹਥਿਆਰ ਤੇ ਮੋਟਰਸਾਈਕਲ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਪਿੰਡ ਤਲਵਾੜਾ ਵਾਸੀ ਰੁਪਿੰਦਰ ਸਿੰਘ, ਪਿੰਡ ਗੌਂਦਪੁਰ ਵਾਸੀ ਇੰਦਰਜੀਤ ਸਿੰਘ, ਲਕਸ਼ਮੀਪੁਰੀ ਵਾਸੀ ਰਵੀ ਸਹੋਤਾ ਤੇ ਬੈਂਕ ’ਚ ਕੰਮ ਕਰਨ ਵਾਲੇ ਪਿੰਡ ਤਲਵਾੜਾ ਵਾਸੀ ਕੁਲਦੀਪ ਸਿੰਘ ਵਜੋਂ ਹੋਈ ਹੈ।