ਦੇਵਿੰਦਰ ਸਿੰਘ ਜੱਗੀ
ਪਾਇਲ, 24 ਜਨਵਰੀ
ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਪਾਇਲ ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਵੱਲੋਂ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਕੋਟਲੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਗਿੱਲੇ ਸ਼ਿਕਵੇ ਭੁਲਾ ਕੇ ਲੱਖਾ ਦੀ ਚੋਣ ਮੁਹਿੰਮ ਨੂੰ ਤਕੜਾ ਕਰੋ, ਹਲਕੇ ਅੰਦਰ ਕੀਤੇ ਵਿਕਾਸ ਕਾਰਜਾਂ ਨੂੰ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਓ।
ਵੱਖ-ਵੱਖ ਆਗੂਆਂ ਨੇ ਹੋਰ ਰਾਜਸੀ ਪਾਰਟੀਆਂ ਨੂੰ ਘੱਟ ਅਤੇ ਆਮ ਆਦਮੀ ਪਾਰਟੀ ਨੂੰ ਰੱਜ ਕੇ ਕੋਸਿਆ। ਵਿਧਾਇਕ ਲੱਖਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੇ ਪੰਜ ਸਾਲ ਤਨਦੇਹੀ ਨਾਲ ਨਿਭਾਇਆ ਹੈ, ਅੱਗੋਂ ਵੀ ਨਿਭਾਵਾਂਗਾ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਆ ਕਿ ਬਸਪਾ ਨੇ ਉਸ ਅਕਾਲੀ ਦਲ ਬਾਦਲ ਨਾਲ ਸਮਝੌਤਾ ਕੀਤਾ, ਜਿਨ੍ਹਾਂ ਨੇ ਸੰਵਿਧਾਨ ਨੂੰ ਪਾੜਿਆ ਸੀ। ਉਨ੍ਹਾਂ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਆਗੂਆਂ ਉੱਪਰ ਈਡੀ ਦੀਆਂ ਰੇਡਾ ਕਰਵਾ ਰਹੀ ਹੈ, ਜੋ ਘਟੀਆਪਣ ਹੈ। ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ, ਕੌਂਸਲਰ ਹਰਪ੍ਰੀਤ ਸਿੰਘ, ਚੇਅਰਮੈਨ ਦੇ ਪਤੀ ਜਸਵੀਰ ਸਿੰਘ ਦਾਊਮਾਜਰਾ ਆਦਿ ਹਾਜ਼ਰ ਸਨ।