ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਫਰਵਰੀ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਅੱਗੇ ਆਰੰਭਿਆ ਸੰਘਰਸ਼ 124ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ ਤੇ ਭੁੱਖ ਹੜਤਾਲ ਦੇ 75ਵੇਂ ਦਿਨ ਕੈਪਟਨ ਨੰਦ ਲਾਲ ਮਾਜਰੀ ਅਤੇ ਗੁਰਧਿਆਨ ਸਿੰਘ ਬੈਠੇ। ਇਸ ਮੌਕੇ ਕਸ਼ਮੀਰਾ ਸਿੰਘ ਮਾਜਰਾ ਅਤੇ ਗੁਰਦੀਪ ਸਿੰਘ ਭੱਟੀ ਨੇ ਦਿੱਲੀ ਵਿੱਚ ਹੋਈ ਹਿੰਸਾ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਖਾਲਿਸਤਾਨ ਦਾ ਨਾਮ ਦੇ ਕੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਗੋਦੀ ਮੀਡੀਆ ਲਗਾਤਾਰ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਮੋਦੀ ਸਰਕਾਰ ਨੇ ਕਿਸਾਨੀ ਮੰਗਾਂ ਦਾ ਕੋਈ ਜਵਾਬ ਨਾ ਹੋਣ ਕਾਰਨ ਹੁਣ ਜਬਰ ਜ਼ੁਲਮ ਦਾ ਰਸਤਾ ਅਪਣਾ ਲਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰੀ ਬੈਨੀਪਾਲ ਨੇ ਅੱਜ ਵੱਖ ਵੱਖ ਪਿੰਡਾਂ ਦੇ ਵੱਡੇ ਕਾਫ਼ਲੇ ਨੂੰ ਦਿੱਲੀ ਰਵਾਨਾ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਦਿੱਲੀ ਦੇ ਬਾਰਡਰਾਂ ਤੋਂ ਨਹੀਂ ਉਠਣਗੇ। ਇਸ ਮੌਕੇ ਮੁਖਤਿਆਰ ਸਿੰਘ, ਦੀਦਾਰ ਸਿੰਘ, ਬੁੱਧ ਸਿੰਘ, ਅਮਨਿੰਦਰ ਸਿੰਘ ਤੇ ਪਵਨਜੋਤ ਸਿੰਘ ਹਾਜ਼ਰ ਸਨ।
ਰਾਏਕੋਟ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਸੰਘਰਸ਼ ’ਚ ਸ਼ਾਮਲ ਹੋਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਰਾਏਕੋਟ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ’ਚ ਇੱਕ ਕਾਫਲਾ ਦਿੱਲੀ ਟਿਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਵਾਪਸ ਹੋਣ ਤੱਕ ਇਸ ਅੰਦੋਲਨ ਵਿੱਚ ਸ਼ਾਂਤਮਈ ਢੰਗ ਨਾਲ ਡਟੇ ਰਹਿਣਗੇ।
ਪਿੰਡ ਬੂਥਗੜ੍ਹ ਵਿੱਚ ਦਿੱੱਲੀ ਮੋਰਚੇ ਦੀ ਮਜ਼ਬੂਤ ਲਈ ਮਤਾ ਪਾਸ
ਕੇਂਦਰ ਸਰਕਾਰ ਦੀਆਂ ਕਿਸਾਨ ਅੰਦੋਲਨ ਨੂੰ ਕਥਿਤ ਰੂਪ ਵਿਚ ਤਾਰਪੀਡੋ ਕਰਨ ਅਤੇ ਗੁੰਡਾ ਅਨਸਰਾਂ ਨੂੰ ਭੇਜ ਕੇ ਹਿੰਸਾ ਨੂੰ ਉਕਸਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਉਪਰੰਤ ਜਿੱਥੇ ਸਿੰਘੂ ਬਾਰਡਰ ਸਮੇਤ ਸਭਨਾਂ ਕਿਸਾਨ ਮੋਰਚਿਆਂ ’ਤੇ ਲੋਕਾਂ ਦੀ ਗਿਣਤੀ ਵਧੀ ਹੈ, ਉੱਥੇ ਮੁਲਕ ਭਰ ਦੇ ਲੋਕ ਇਕੱਠੇ ਹੋ ਕੇ ਦਿੱਲੀ ਨੂੰ ਚਾਲੇ ਪਾ ਰਹੇ ਹਨ। ਇਸੇ ਕੜੀ ਤਹਿਤ ਅੱਜ ਇਥੋਂ ਦੇ ਨੇੜਲੇ ਪਿੰਡ ਬੂਥਗੜ੍ਹ ਦੇ ਵਾਸੀਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਸਰਬ-ਸੰਮਤੀ ਨਾਲ ਪਤਾ ਪਾਸ ਕੀਤਾ ਗਿਆ ਕਿ ਕਿਸਾਨ ਮੋਰਚੇ ਦੀ ਰਾਖੀ ਅਤੇ ਮਜ਼ਬੂਤੀ ਲਈ ਉਹ ਹਰ ਤਰ੍ਹਾਂ ਦੀ ਮਦਦ ਦੇਣਗੇ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿਚੋਂ 5-5 ਵਿਅਕਤੀਆਂ ਦਾ ਜਥਾ ਲੜੀਵਾਰ ਚਾਰ ਦਿਨਾਂ ਲਈ ਸਿੰਘੂ ਬਾਰਡਰ ’ਤੇ ਰਸਦ ਪਾਣੀ ਸਮੇਤ ਜਾਵੇਗਾ ਅਤੇ ਹਰ ਕਿਸਾਨ ਪਰਿਵਾਰ ਵਿਚੋਂ ਇਕ ਵਿਅਕਤੀ ਲਾਜ਼ਮੀ ਹੋਵੇਗਾ। ਇਸ ਮੌਕੇ ਪਿੰਡ ਵੱਲੋਂ ਪੰਜ ਵਿਅਕਤੀਆਂ ਦਾ ਜਥਾ ਦਿੱਲੀ ਰਵਾਨਾ ਕੀਤਾ ਗਿਆ ਅਤੇ ਅਗਲੇ ਜਥਿਆਂ ਦੀ ਸੂਚੀ ਤਿਆਰ ਕੀਤੀ ਗਈ।
ਨੁੱਕੜ ਮੀਟਿੰਗਾਂ ਨੇ ਖੇਤਾਂ ਦੇ ਪੁੱਤ ਸੰਘਰਸ਼ ਵੱਲ ਮੋੜੇ: ਆਗੂ
ਜਗਰਾਉਂ (ਪੱਤਰ ਪ੍ਰੇਰਕ): ਇਲਾਕੇ ਦੇ ਕਸਬਾ ਸਿੱਧਵਾਂ ਬੇਟ, ਹਠੂਰ, ਹੰਭੜਾਂ ਦੇ ਪਿੰਡਾਂ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਅਤੇ ਜਿੱਤ ਲਈ ਲਾਮਬੰਦੀ ਆਰੰਭੀ ਹੋਈ ਹੈ। ਲੋਕ ਆਗੂ ਡਾ. ਸੁਖਦੇਵ ਭੂੰਦੜੀ ਤੇ ਗੁਰਮੇਲ ਸਿੰਘ ਭਰੋਵਾਲ ਨੇ ਦਰਜਨ ਦੇ ਕਰੀਬ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਦਿਆਂ ਕਿਰਤੀ ਲੋਕਾਂ ਨੂੰ ਕੇਂਦਰ ਦੇ ਝੂਠ ਤੋਂ ਜਾਗਰੁੂਕ ਕਰਦਿਆਂ ਇੱਕ ਡੋਰ ’ਚ ਪਰੋਣ ਲਈ ਸਫਲ ਯਤਨ ਸ਼ੁਰੂ ਕੀਤੇ ਹਨ। ਇਨ੍ਹਾਂ ਯਤਨਾਂ ਦੇ ਚੰਗੇ ਸਿੱਟੇ ਉਦੋਂ ਸਾਹਮਣੇ ਆਏ ਜਦੋਂ ਪਿੰਡ ਭਰੋਵਾਲ, ਸਿੱਧਵਾਂ ਬੇਟ, ਭੂੰਦੜੀ, ਹੰਭੜਾਂ, ਮਲਕ, ਚੀਮਨਾ, ਪੋਨਾਂ ਆਦਿ ਦੇ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਲਈਆਂ। ਆਗੂਆਂ ਨੇ ਦੱਸਿਆ ਕਿ ਨੁੱਕੜ ਮੀਟਿੰਗਾਂ ਦੀ ਸ਼ੁਰੂਆਤ ਨੇ ਖੇਤਾਂ ਦੇ ਪੁੱਤਰਾਂ ਨੂੰ ਮੁੜ ਸੰਘਰਸ਼ ਵੱਲ ਮੋੜਨ ਅਤੇ ਮੋਰਚੇ ’ਚ ਸ਼ਾਮਲ ਹੋਣ ਨੂੰ ਨੈਤਿਕ ਜ਼ਿੰਮਮੇਵਾਰੀ ਬਣਾਉਣ ਦਾ ਯਤਨ ਕੀਤਾ ਹੈ।