ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਜੂਨ
ਰੇਲਵੇ ਚਾਈਲਡ ਲਾਈਨ-1098 ਵੱਲੋਂ ਰੇਲਵੇ ਸਟੇਸ਼ਨ ਤੋਂ 18 ਬੱਚਿਆਂ ਨੂੰ ਸੰਭਾਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 5 ਬੱਚਿਆਂ ਨੂੰ ਬਾਲ ਘਰ ਭੇਜ ਕੇ 13 ਬੱਚੇ ਮਾਪਿਆਂ ਨੂੰ ਸੌਂਪੇ ਗਏ ਹਨ। ਡਾਇਰੈਕਟਰ ਚਾਈਲਡ ਲਾਈਨ ਕੁਲਦੀਪ ਸਿੰਘ ਮਾਨ ਨੇ ਦੱਸਿਆ ਹੈ ਕਿ ਕਾਲਕਾ ਤੋਂ 2 ਚਚੇਰੇ ਭਰਾਵਾਂ ਨੂੰ ਸ੍ਰੀ ਬਾਲਾ ਜੀ ਪ੍ਰੇਮ ਆਸ਼ਰਮ ਠਾਕੁਰ ਕਾਲੋਨੀ ਲਲਤੋਂ ਕਲਾਂ ਭੇਜ ਦਿੱਤਾ ਹੈ। ਸਟੇਸ਼ਨ ’ਤੇ ਹੰਗਾਮੇ ਦੌਰਾਨ ਮਿਲੇ ਇੱਕ ਬੱਚੇ ਨੂੰ ਅਤੇ ਇਸ ਤੋਂ ਪਹਿਲਾਂ ਆਰਪੀਐੱਫ ਵੱਲੋਂ ਬੱਚਿਆਂ ਨੂੰ ਰੇਲ ਗੱਡੀਆਂ ’ਚ ਭੀਖ ਮੰਗਣ ਤੋਂ ਰੋਕਣ ਲਈ ਚਲਾਈ ਸਪੈਸ਼ਲ ਮੁਹਿੰਮ ਦੌਰਾਨ 2 ਬੱਚੇ ਪ੍ਰਾਪਤ ਕੀਤੇ ਗਏ ਸਨ। ਇਸ ਤੋਂ ਇਲਾਵਾ ਇੱਕ ਅਜਿਹੀ ਲੜਕੀ ਨੂੰ ਬਾਲ ਆਸ਼ਰਮ ਭੇਜਿਆ ਹੈ, ਜਿਸ ਪਾਸੋਂ ਮਹਾਂਨਗਰ ’ਚ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ। ਉਸਦੇ ਮਾਪਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।