ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਸੈਨੇਟਰੀ ਮਾਲਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਡਰਾਈਵਰ ਨੂੰ ਸੀਆਈਏ-2 ਦੀ ਪੁਲੀਸ ਨੇ ਸਾਥੀਆਂ ਸਣੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਤੋਂ ਤੇਜ਼ਧਾਰ ਹਥਿਆਰਾਂ ਸਣੇ ਹੋਰ ਸਾਮਾਨ ਮਿਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਧਾਲੀਵਾਲ, ਨਿਤੀਸ਼ ਅਤੇ ਗੁਰਬਿੰਦਰ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ’ਚ ਮਨਿੰਦਰਪਾਲ ਸਿੰਘ ਮੁੱਖ ਮੁਲਜ਼ਮ ਹੈ। ਮੁਲਜ਼ਮਾਂ ਖਿਲਾਫ਼ ਥਾਣਾ ਡਿਵੀਜ਼ਨ ਨੰਬਰ-8 ’ਚ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਡੀਸੀਪੀ ਵਰਿੰਦਰ ਸਿੰਘ ਬਰਾੜ, ਏਸੀਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਉਪਕਾਰ ਨਗਰ ਸਥਿਤ ਦਸਹਿਰਾ ਗਰਾਊਂਡ ’ਚ ਕੁਝ ਲੋਕ ਲੁੱਟ ਦੀ ਯੋਜਨਾ ਬਣਾ ਰਹੇ ਹਨ। ਇਸ ’ਤੇ ਉਨ੍ਹਾਂ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਸਰਗਨੇ ਸਣੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਸ਼ੁਰੂਆਤੀ ਪੜਤਾਲ ’ਚ ਪਤਾ ਲੱਗਿਆ ਕਿ ਮੁਲਜ਼ਮ ਮਨਿੰਦਰਪਾਲ ਸਿੰਘ ਉਪਕਾਰ ਨਗਰ ਸਥਿਤ ਸੈਨੇਟਰੀ ਸਟੋਰ ਦੇ ਮਾਲਕ ਦਾ ਡਰਾਈਵਰ ਹੈ। ਉਸ ਨੂੰ ਪਤਾ ਸੀ ਕਿ ਉਸ ਦਾ ਮਾਲਕ ਹਰ ਸ਼ਨਿਚਰਵਾਰ ਨੂੰ 35 ਤੋਂ 40 ਲੱਖ ਰੁਪਏ ਲੈ ਕੇ ਜਾਂਦਾ ਹੈ। ਇਸ ਲਈ ਉਸ ਨੇ ਮਾਲਕ ਨੂੰ ਲੁੱਟਣ ਦੀ ਯੋਜਨਾ ਬਣਾ ਲਈ। ਉਸ ਨੇ ਬਾਕੀ ਮੁਲਜ਼ਮਾਂ ਨੂੰ ਮਿਲਾ ਕੇ ਲੁੱਟ ਦੀ ਯੋਜਨਾ ਬਣਾ ਲਈ। ਉਸ ਨੇ ਆਖਿਆ ਕਿ ਜੇ ਮਾਲਕ ਨੇ ਪੈਸਿਆਂ ਦਾ ਬੈਗ ਨਾ ਦਿੱਤਾ ਤਾਂ ਉਹ ਤੇਜ਼ਧਾਰ ਹਥਿਆਰ ਨਾਲ ਉਸ ਨੂੰ ਜ਼ਖ਼ਮੀ ਕਰ ਕੇ ਬੈਗ ਲੈ ਕੇ ਫ਼ਰਾਰ ਹੋ ਜਾਣਗੇ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਵਾਰਦਾਤ ਕਰਨੀ ਸੀ, ਪਰ ਉਹ ਕਰ ਨਹੀਂ ਸਕੇ। ਹੁਣ ਅਗਲੇ ਸ਼ਨਿਚਰਵਾਰ ਨੂੰ ਵਾਰਦਾਤ ਕਰਨ ਦੀ ਯੋਜਨਾ ਬਣਾਈ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ ਰਿਮਾਂਡ ਲਿਆ ਹੈ।