ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੁਲਾਈ
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਟਰਾਂਸਪੋਰਟ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਪਲੇਠਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰੇ ਦੌਰਾਨ ਭੁੱਲਰ ਨੇ ਬੈਚੁਲਰ ਆਫ ਵੈਟਰਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਦੀ ਡਿਗਰੀ ਕਰ ਰਹੇ ਵਿਦਿਆਰਥੀਆਂ ਦੇ ਇੰਟਰਨਸ਼ਿਪ ਭੱਤੇ ਦੇ ਵਾਧੇ ਦਾ ਐਲਾਨ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ ਆਪਣੀ ਪੜ੍ਹਾਈ ਸੰਪੂਰਨ ਕਰਕੇ ਪਸ਼ੂ ਪਾਲਕ ਕਿਸਾਨਾਂ ਦੇ ਵੱਡੇ ਹਿਤਾਂ ਲਈ ਕੰਮ ਕਰਨਗੇ। ਵਿਦਿਆਰਥੀਆਂ ਦਾ ਇਹ ਭੱਤਾ ਹੁਣ 6,200 ਰੁਪਏ ਤੋਂ ਵਧਾ ਕੇ 15,000 ਕਰ ਦਿੱਤਾ ਗਿਆ ਹੈ। ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਹਿਤ ਲਈ ਲਗਾਤਾਰ ਯਤਨਸ਼ੀਲ ਹੈ। ਸਾਡੇ ਵਿਦਿਆਰਥੀ ਸਾਡਾ ਵਰਤਮਾਨ ਅਤੇ ਭਵਿੱਖ ਹਨ ਇਸ ਲਈ ਉਨ੍ਹਾਂ ਦੀ ਇਸ ਮੰਗ ਉਤੇ ਤੁਰੰਤ ਕਾਰਵਾਈ ਕਰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਕਾਰਜ ਨੂੰ ਸਿਰੇ ਚੜ੍ਹਾਇਆ ਹੈ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਵੀ ਪੂਰਨ ਸਹਿਯੋਗ ਮਿਲਿਆ ਹੈ। ਭੁੱਲਰ ਨੇ ਕਿਹਾ, ‘ਸਾਨੂੰ ਪਸ਼ੂ ਨਸਲ ਸੁਧਾਰ ਦੇ ਕੰਮਾਂ ਲਈ ਹੋਰ ਵਧੇਰੇ ਯਤਨ ਕਰਨੇ ਚਾਹੀਦੇ ਹਨ। ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰਾਂ ਨੂੰ ਮਜ਼ਬੂਤ ਕਰਕੇ ਅਸੀਂ ਸੂਬੇ ਦੇ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਦੇ ਸਕਦੇ ਹਾਂ।’’ ਮੰਤਰੀ ਭੁੱਲਰ ਅਤੇ ਉਨ੍ਹਾਂ ਦੇ ਨਾਲ ਆਏ ਮਹਿਮਾਨਾਂ ਨੂੰ ਬਹੁ-ਵਿਸ਼ੇਸ਼ਤਾ ਵੈਟਰਨਰੀ ਹਸਪਤਾਲ ਦਾ ਵੀ ਦੌਰਾ ਕਰਵਾਇਆ ਗਿਆ। ਹਸਪਤਾਲ ਵਿਖੇ ਹੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਪ੍ਰਦਰਸ਼ਨੀ ਵੀ ਲਾਈ ਗਈ ਸੀ। ਇਸੇ ਦੌਰਾਨ ਇੰਟਰਨਸ਼ਿਪ ਭੱਤਾ ਵਧਾਉਣ ’ਤੇ ਵੈਟਰਨਰੀ ਵਿਦਿਆਰਥੀਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਤੇ ਭੰਗੜਾ ਪਾਇਆ। ਉਨ੍ਹਾਂ ਨੇ ’ਵਰਸਿਟੀ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕੀਤਾ।
ਖਾਲੀ ਅਸਾਮੀਆਂ: ਪੀਏਯੂ ਸਟੂਡੈਂਟ ਯੂਨੀਅਨ ਨੇ ਮੰਗ ਪੱਤਰ ਦਿੱਤਾ; ਸੰਘਰਸ਼ ਦੀ ਚਿਤਾਵਨੀ
ਲੁਧਿਆਣਾ: ਪੀਏਯੂ ਸਟੂਡੈਂਟ ਯੂਨੀਅਨ ਵੱਲੋਂ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦਿੱਤੇ ਮੰਗ ਪੱਤਰ ਰਾਹੀਂ ਖੇਤੀਬਾੜੀ ਵਿਭਾਗ ਵਿੱਚ ਖਾਲੀ ਅਸਾਮੀਆਂ ਭਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਅਸਾਮੀਆਂ ਨਹੀਂ ਭਰੀਆਂ ਗਈਆਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਅੱਜ ਲੁਧਿਆਣਾ ਆਏ ਕੈਬਨਿਟ ਮੰਤਰੀ ਭੁੱਲਰ ਨੂੰ ਪੀਏਯੂ ਸਟੂਡੈਂਟ ਯੂਨੀਅਨ ਦੇ ਆਗੂਆਂ ਅੰਗਰੇਜ ਸੰਦੋਹਾ, ਭਵਨਦੀਪ ਅਤੇ ਲਵਪ੍ਰੀਤ ਕੰਬੋਜ ਨੇ ਇੱਕ ਮੰਗ ਪੱਤਰ ਦਿੱਤਾ। ਵਿਦਿਆਰਥੀ ਆਗੂਆਂ ਦਾ ਕਹਿਣਾ ਸੀ ਕਿ ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ। ਮੌਜੂਦਾ ਸਮੇਂ ਏਡੀਓ ਦੀਆਂ 510, ਐਚਡੀਓ 150, ਐਸਸੀਓ 20 ਅਤੇ ਏਐੱਸਆਈ ਦੀਆਂ 370 ਅਸਾਮੀਆਂ ਖਾਲੀ ਹਨ। ਇਹ ਅਸਾਮੀਆਂ ਨਾ ਭਰੀਆਂ ਜਾਣ ਕਰਕੇ ਪੀਐੱਚਡੀ, ਐੱਮਐੱਸਸੀ ਅਤੇ ਬੀਐੱਸਸੀ (ਐਗਰੀਕਲਚਰ) ਦੇ ਵਿਦਿਆਰਥੀ ਪਿਛਲੇ ਕਈ ਸਾਲਾਂ ਤੋਂ ਬੇਰੁਜ਼ਗਾਰ ਘੁੰਮ ਰਹੇ ਹਨ। ਇਸ ਸਬੰਧੀ ਸੀਐੱਮਓ ਦਫਤਰ ਨੂੰ ਚਿੱਠੀ ਵੀ ਲਿਖੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਮੰਤਰੀ ਨੂੰ ਮੰਗ ਕੀਤੀ ਕਿ ਖਾਲੀ 15 ਦਿਨਾਂ ਦੇ ਅੰਦਰ ਅੰਦਰ ਸੁਣਵਾਈ ਨਾ ਹੋਈ ਉਹ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਜਾਣਗੇ।