ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਕਤੂਬਰ
ਦੀਵਾਲੀ ਵਾਲੀ ਰਾਤ ਨੂੰ ਪਟਾਕੇ ਚਲਾਉਣ ਦੌਰਾਨ ਸਨਅਤੀ ਸ਼ਹਿਰ ਦੇ ਕਈ ਇਲਾਕਿਆਂ ’ਚ ਅੱਗ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਨਗਰ ਨਿਗਮ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸ਼ਹਿਰ ਦੇ ਹਰ ਬਾਜ਼ਾਰ ’ਚ ਫਾਇਰ ਬ੍ਰਿਗੇਡ ਦੀ ਗੱਡੀ ਤੈਨਾਤ ਰਹੇਗੀ ਤਾਂ ਕਿ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਬਾਅਦ ਗੱਡੀ ਟੀਮ ਸਮੇਤ ਮੌਕੇ ’ਤੇ ਪੁੱਜ ਸਕੇ। ਇਸ ਸਬੰਧੀ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਫਾਇਰ ਬ੍ਰਿਗੇਡ ਦਫ਼ਤਰ ਜਾ ਕੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਵਿਭਾਗ ਨੇ ਜਿੱਥੇ ਆਪਣੇ ਫਾਇਰ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਉਥੇ ਹੀ ਉਨ੍ਹਾਂ ਨੂੰ 24 ਘੰਟੇ ਸਖ਼ਤ ਡਿਊਟੀ ਲਈ ਤਿਆਰ ਰਹਿਣ ਦੇ ਹੁਕਮ ਵੀ ਦਿੱਤੇ ਗਏ ਹਨ। ਇਸ ਵਾਰ ਦੀਵਾਲੀ ਵਾਲੀ ਰਾਤ ਕਰੀਬ 70 ਮੁਲਾਜ਼ਮਾਂ ਦੀਆਂ ਟੀਮਾਂ ਸ਼ਹਿਰ ਦੀਆਂ ਸੜਕਾਂ ’ਤੇ ਰਹਿਣਗੀਆਂ। ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ’ਚ ਪਾਣੀ ਭਰਨ ਦੀ ਸਹੂਲਤ ਟਿਊਬਵੈੱਲਾਂ ਤੋਂ ਲਈ ਜਾਵੇਗੀ ਜਿਸ ਲਈ ਟਿਊਬਵੈੱਲਾਂ ’ਤੇ ਵੀ ਮੁਲਾਜ਼ਮਾਂ ਨੂੰ ਤੈਨਾਤ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸ਼ਹਿਰ ’ਚ ਭੀੜ ਭਾੜ ਵਾਲੇ ਇਲਾਕੇ ਜਿਵੇਂ ਕਿ ਗੁੜਮੰਡੀ, ਲੂਣ ਮੰਡੀ, ਬੂਟੇ ਸ਼ਾਹ ਮੰਡੀ, ਬਾਂਸ ਬਾਜ਼ਾਰ, ਪੁਰਾਣੀ ਮਾਧੋਪੁਰੀ, ਨੌਘਰਾ, ਸੈਦਾ ਚੌਂਕ, ਵੇਟ ਗੰਜ ਵਿੱਚ ਅੱਗ ਲੱਗਣ ਦਾ ਖ਼ਤਰਾ ਵੱਧ ਹੁੰਦਾ ਹੈ, ਇੱਥੇ ਪਾਣੀ ਦੀ ਪਾਈਪ ਲਾਈਨਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਕਿ ਅੱਗ ਲੱਗਣ ਦੇ ਹਾਲਾਤ ਨਾਲ ਸੌਖਿਆਂ ਹੀ ਨਜਿੱਠਿਆ ਜਾ ਸਕੇ। ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਕਿਹਾ ਕਿ ਦੀਵਾਲੀ ਦੇ ਕਾਰਨ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸਾਰੇ ਕਰਮੀ ਡਿਊਟੀ ’ਤੇ ਤੈਨਾਤ ਹੈ। ਕਰੀਬ 27 ਫਾਇਰ ਟੈਂਡਰ ਸ਼ਹਿਰ ’ਚ ਤੈਨਾਤ ਹਨ। ਹਾਦਸੇ ਵਾਲੀ ਜਗ੍ਹਾ ’ਤੇ ਵੱਧ ਤੋਂ ਵੱਧ 10 ਤੋਂ 15 ਮਿੰਟ ’ਚ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ ਤਾਂ ਕਿ ਅੱਗ ’ਤੇ ਜਲਦੀ ਕਾਬੂ ਪਾਇਆ ਜਾਵੇ। ਸ਼ਹਿਰ ਦੇ ਹਰ ਬਾਜ਼ਾਰ ਵਿੱਚ ਫਾਇਰ ਬ੍ਰਿਗੇਡ ਕਰਮੀ ਤੇ ਗੱਡੀਆਂ ਤੈਨਾਤ ਰਹਿਣਗੀਆਂ। ਫਾਇਰ ਅਫ਼ਸਰ ਮਨਿੰਦਰ ਨੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਨੂੰ ਖਾਲੀ ਤੇ ਸਾਫ਼ ਰੱਖਣ ਦੀ ਅਪੀਲ ਕੀਤੀ ਹੈ। ਅੱਜ ਸ਼ਹਿਰ ਦੇ ਇੱਕ ਮਾਲ ’ਚ ਮੌਕ ਡਰਿੱਲ ਵੀ ਕਰਵਾਈ ਗਈ ਤਾਂ ਕਿ ਮੁਲਾਜ਼ਮਾਂ ਨੂੰ ਪਤਾ ਰਹੇ ਕਿ ਐਮਰਜੈਂਸੀ ਦੀ ਸਥਿਤੀ ’ਚ ਹਾਲਾਤ ’ਤੇ ਕਿਵੇਂ ਕਾਬੂ ਪਾਉਣਾ ਹੈ।