ਪੱਤਰ ਪ੍ਰੇਰਕ
ਸਮਰਾਲਾ, 31 ਜੁਲਾਈ
ਹਾਕੀ ਕਲੱਬ ਸਮਰਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਗਰਾਲੀ ਸਿੱਖਾਂ ਦੀਆਂ ਲੋੜਵੰਦ ਵਿਦਿਆਰਥਣਾਂ ਦੀਆਂ ਫੀਸਾਂ ਲਈ ਅੱਜ 15 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਾ ਚੈੱਕ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਸੰਸਥਾ ਦੇ ਧਿਆਨ ਵਿੱਚ ਆਇਆ ਸੀ ਕਿ ਕੁੱਝ ਬੱਚੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਿਚ ਦਿੱਕਤ ਆ ਰਹੀ ਸੀ, ਇਸੇ ਲਈ ਸੰਸਥਾ ਦੇ ਮੈਂਬਰਾਂ ਨੇ ਫ਼ੈਸਲਾ ਲਿਆ ਕਿ ਸਰਕਾਰੀ ਸਕੂਲਾਂ ’ਚ ਪੜ੍ਹਦੀਆਂ ਬੱਚੀਆਂ ਦੀਆਂ ਫੀਸਾਂ ਲਈ ਸਹਾਇਤਾ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਗੁਰਜੀਤ ਸਿੰਘ ਤੇ ਸਮੂਹ ਸਟਾਫ਼ ਵੱਲੋਂ ਵੀ ਲੜਕੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਉਪਰਾਲੇ ਜਾਰੀ ਹਨ, ਜਿਸ ਵਿੱਚ ਭਾਈਵਾਲ ਬਣ ਕੇ ਸਾਡੀ ਸੰਸਥਾ ਮਾਣ ਮਹਿਸੂਸ ਕਰ ਰਹੀ ਹੈ। ਸਕੂਲ ਮੁਖੀ ਗੁਰਜੀਤ ਸਿੰਘ ਵੱਲੋਂ ਹਾਕੀ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।