ਗੁਰਿੰਦਰ ਸਿੰਘ
ਲੁਧਿਆਣਾ, 14 ਮਈ
ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੇ ਇਕ ਚਿੱਟ ਫੰਡ ਕੰਪਨੀ ਵੱਲੋਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਅੱਠ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਅੰਬੇਡਕਰ ਨਗਰ ਗਿਆਸਪੁਰਾ ਵਾਸੀ ਨਿੱਤਿਆ ਨੰਦ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਸੁਭਾਨੀ ਬਿਲਡਿੰਗ ਨੇੜੇ ਅਲਫਾ ਟਾਵਰ ਸਥਿਤ ਗੋਲਡ ਚਿੱਟ ਫੰਡ ਕੰਪਨੀ ਵੱਲੋਂ ਲੋਕਾਂ ਨੂੰ ਉਨ੍ਹਾਂ ਦੀਆਂ ਰਕਮਾਂ ਦੁੱਗਣੀਆਂ ਕਰਨ ਦਾ ਝਾਂਸਾ ਦੇ ਕੇ ਐੱਫਡੀ ਅਤੇ ਆਰਡੀ ਖਾਤਿਆਂ ਵਿੱਚ ਕਰੋੜਾਂ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਗਈ ਸੀ ਪਰ ਉਨ੍ਹਾਂ ਵੱਲੋਂ ਲੋਕਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਤਫ਼ਤੀਸ਼ ਦੌਰਾਨ ਗੁਰਵਿੰਦਰ ਸਿੰਘ ਸੰਧੂ ਜਲੰਧਰ, ਅਨਿਲ ਕੁਮਾਰ ਸ਼ਰਮਾ ਪੂਨਾ, ਸਚਿਨ ਤੋਮਰ ਛੱਤੀਸਗੜ੍ਹ, ਵਿਕਾਸ ਕੁਮਾਰ ਛੱਤੀਸਗੜ੍ਹ, ਅਸ਼ੀਸ਼ ਕੁਮਾਰ ਗੁਪਤਾ ਮੱਧ ਪ੍ਰਦੇਸ਼, ਅਨੰਦ ਥਿੰਗਨਾ ਦਿੱਲੀ, ਮਨਿੰਦਰ ਨਿਖਾਰੇ ਮੱਧ ਪ੍ਰਦੇਸ਼ ਅਤੇ ਸੰਜੀਵ ਜੈਸਵਾਲ ਕ੍ਰਿਸ਼ਨਾ ਨਗਰ ਲੁਧਿਆਣਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਲਾਭਪਾਤਰੀਆਂ ਨੂੰ ਰਕਮ ਵਾਪਸ ਕਰਨ ਦੀ ਬਜਾਏ ਕੰਪਨੀ ਨੂੰ ਪੈਸੇ ਜਮ੍ਹਾਂ ਕਰਾਉਣ ਦੀ ਬਜਾਏ ਖ਼ੁਦ ਹਾਸਲ ਕੀਤੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।