ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਅਪਰੈਲ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਵਤੀਰਾ ਮੁੱਢ ਤੋਂ ਪੰਜਾਬ ਵਿਰੋਧੀ ਰਿਹਾ ਹੈ। ਪਹਿਲਾਂ ਕਾਂਗਰਸ ਦੀ ਸਰਕਾਰ ਸਮੇਂ ਤੇ ਹੁਣ ਭਾਜਪਾ ਦੀ ਸਰਕਾਰ ਤੋਂ ਬਾਅਦ ਵੀ ਇਸ ਵਤੀਰੇ ’ਚ ਕੋਈ ਫਰਕ ਨਹੀਂ ਆਇਆ, ਸਗੋਂ ਇਹ ਹੋਰ ਵਧਿਆ ਹੈ। ਇਸ ਦੇ ਬਾਵਜੂਦ ਪੰਜਾਬ ਤੇ ਪੰਜਾਬੀ ਇਸ ’ਚੋਂ ਜੇਤੂ ਹੋ ਕੇ ਨਿਕਲਣਗੇ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਤਾਂ ਨਿੱਤ ਨਵੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਵਿਤਕਰਾ ਕਰਨਾ ਕੇਂਦਰ ਦਾ ਕੰਮ ਹੈ ਅਤੇ ਇਨ੍ਹਾਂ ਵਿਤਕਰਿਆਂ ਖ਼ਿਲਾਫ਼ ਡਟਣਾਂ ਪੰਜਾਬੀਆਂ ਦਾ ਕੰਮ। ਇਥੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਗ੍ਰਹਿ ਵਿਖੇ ਪਹੁੰਚੇ ਸਪੀਕਰ ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਬਾਕੀ ਮਤੇ ਆਮ ਸਹਿਮਤੀ ਨਾਲ ਪਾਸ ਹੋਣਾ ਪੰਜਾਬ ਦੇ ਭਵਿੱਖ ਲਈ ਹਾਂ-ਪੱਖੀ ਸੁਨੇਹਾ ਤੇ ਸ਼ੁਭ ਸੰਕੇਤ ਹੈ। ਉਮੀਦ ਹੈ ਕਿ ਜਿਵੇਂ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਵਿਰੋਧੀ ਧਿਰ ਨੇ ਇਹ ਮਤੇ ਸਰਬਸੰਮਤੀ ਨਾਲ ਪਾਸ ਕਰਵਾਉਣ ਲਈ ਸਾਥ ਦਿੱਤਾ, ਉਸੇ ਤਰ੍ਹਾਂ ਭਵਿੱਖ ’ਚ ਵੀ ਹਾਕਮ ਤੇ ਵਿਰੋਧੀ ਧਿਰ ਮਿਲ ਕੇ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਸਿਰ ਜੋੜ ਕੇ ਨਾ ਕੇਵਲ ਸੋਚਣਗੇ, ਸਗੋਂ ਅੱਗੇ ਵੀ ਵਧਣਗੇ। ਇਸ ਤਰ੍ਹਾਂ ਹੀ ਜੇਕਰ ਇਕਜੁੱਟ ਹੋ ਕੇ ਅੱਗੇ ਵਧਿਆ ਜਾਵੇ ਤਾਂ ਪੰਜਾਬ ਨੂੰ ਮੁੜ ਨੰਬਰ ਇਕ ਖੁਸ਼ਹਾਲ ਸੂਬਾ ਬਣਾਉਣ ’ਚ ਬਹੁਤਾ ਸਮਾਂ ਨਹੀਂ ਲੱਗੇਗਾ।
ਕਬੱਡੀ ਟੂਰਨਾਮੈਂਟਾਂ ਸਮੇਂ ਗੋਲੀਆਂ ਚੱਲਣਾ, ਗੈਂਗਸਟਰਾਂ ਦਾ ਬੇਖੌਫ਼ ਹੋਣਾ ਤੇ ਕਤਲਾਂ ਬਾਰੇ ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਦਾ ਵਿਗੜਨਾ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਫੌਰੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ੇ ਰੋਕਣ ਲਈ ਮਨਸ਼ਾ ਬਿਲਕੁਲ ਸਾਫ ਹੈ ਤੇ ਇਸ ਲਈ ਇਕ ਨੀਤੀ ਵੀ ਬਣਾਈ ਹੋਈ ਹੈ। ਪ੍ਰਾਈਵੇਟ ਸਕੂਲਾਂ ਦੀ ਲੁੱਟ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਸ ਬਾਰੇ ਫ਼ੈਸਲਾ ਲੈ ਚੁੱਕੇ ਹਨ। ਗਰਮੀ ਤੇ ਝੋਨੇ ਦੇ ਮੌਸਮ ਦੇ ਸ਼ੁਰੂ ’ਚ ਹੀ ਬਿਜਲੀ ਦੇ ਕੱਟ ਲੱਗਣ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਮੱਸਿਆ ਦੂਰ ਕਰਨ ਲਈ ਯਤਨਸ਼ੀਲ ਹੈ। ਬੀਬੀ ਮਾਣੂੰਕੇ ਨੇ ਇਸ ਤੋਂ ਪਹਿਲਾਂ ਉਨ੍ਹਾਂ ਦਾ ਹਮਾਇਤੀਆਂ ਨਾਲ ਮਿਲ ਕੇ ਭਰਵਾਂ ਸਵਾਗਤ ਕੀਤਾ। ਇਸ ਸਮੇਂ ਪ੍ਰੋ. ਸੁਖਵਿੰਦਰ ਸੁੱਖੀ, ਪ੍ਰੀਤਮ ਸਿੰਘ ਅਖਾੜਾ, ਗੋਪੀ ਸ਼ਰਮਾ, ਕੁਲਵਿੰਦਰ ਸਿੰਘ ਕਾਲਾ, ਗੁਰਨਾਮ ਸਿੰਘ ਭੈਣੀ ਆਦਿ ਮੌਜੂਦ ਸਨ।