ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਅਗਸਤ
ਕਿਸਾਨ ਸੰਘਰਸ਼ ਮੋਰਚੇ ਨੇ ਜਲੰਧਰ ਵਿੱਚ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਗੰਨੇ ਦੇ ਵਾਜਬ ਭਾਅ ਅਤੇ ਬਕਾਏ ਦੀ ਅਦਾਇਗੀ ਲਈ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੀ ਡੱਟਵੀਂ ਹਮਾਇਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਕੀਮਤ ’ਚ ਮਹਿਜ਼ 15 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸਥਾਨਕ ਰੇਲਵੇ ਪਾਰਕ ਵਿੱਚ ਕਿਸਾਨ ਆਗੂ ਜਗਦੀਪ ਸਿੰਘ ਕੋਠੇ ਖੰਜੂਰਾ ਦੀ ਅਗਵਾਈ ’ਚ ਚੱਲੇ ਧਰਨੇ ਦੇ 324ਵੇਂ ਦਿਨ ਧਰਨਾਕਾਰੀਆਂ ਨੇ ਮੋਦੀ ਹਕੂਮਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਔਰਤਾਂ ਦੇ ਸਤਿਕਾਰ ਦਾ ਦਿਖਾਵਾ ਕਰਦੀ ਹੈ ਜਦਕਿ ਇਸ ਦੀ ਸੋਚ ਤੇ ਇਰਾਦੇ ਚੰਡੀਗੜ੍ਹ ’ਚ ਮਹਿਲਾ ਕਿਸਾਨ ਆਗੂ ਨਾਲ ਕੀਤੀ ਬਦਸਲੂਕੀ ਤੋਂ ਜ਼ਾਹਿਰ ਹੋਏ ਹਨ। ਉਨ੍ਹਾਂ ਮਹਿਲਾ ਅੰਦੋਲਨਕਾਰੀ ਨਾਲ ਕੀਤੀ ਬਦਸਲੂਕੀ ਤੇ ਗੁੰਡਾਗਰਦੀ ਦੇ ਜ਼ਿੰਮੇਵਾਰ ਭਾਜਪਾਈਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ ਤੇ ਧਰਮ ਸਿੰਘ ਸੂਜਾਪੁਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਨੇ ਅਕਾਲੀਆਂ ਕਾਂਗਰਸੀਆਂ ਦੀ ਨੀਂਦ ਵੀ ਉਡਾ ਦਿੱਤੀ ਹੈ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਭਰ ’ਚ ਮੌਕਾਪ੍ਰਸਤ ਸਿਆਸੀ ਪਾਰਟੀਆਂ ਖ਼ਿਲਾਫ਼ ਵਿਸ਼ਾਲ ਹੋ ਰਿਹਾ ਰੋਸ ਇਕ ਨਵੀਂ ਪੁਲਾਂਘ ਪੁੱਟਣ ਵੱਲ ਸੰਕੇਤ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਪਿੰਡ ਕਾਉਂਕੇ ਕਲਾਂ ਵਿੱਚ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਹੋਈ। ਨਵੀਂ ਪਿੰਡ ਕਮੇਟੀ ਦੀ ਚੋਣ ਵੀ ਕੀਤੀ ਗਈ। ਇਸ ’ਚ ਕੁਲਦੀਪ ਸਿੰਘ ਕੀਪਾ ਪ੍ਰਧਾਨ, ਹਰਦੀਪ ਸਿੰਘ ਨਿੱਕਾ ਮੀਤ ਪ੍ਰਧਾਨ, ਭਰਪੂਰ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਗੋਪੀ ਮੀਤ ਸਕੱਤਰ, ਦੇਵਿੰਦਰ ਸਿੰਘ ਖਜ਼ਾਨਚੀ ਚੁਣੇ ਗਏ। ਅਵਤਾਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਅਤੇ ਤਰਲੋਚਨ ਸਿੰਘ ਕਮੇਟੀ ਮੈਂਬਰ ਚੁਣੇ ਗਏ। ਸਮੂਹ ਮੈਂਬਰਾਂ ਵੱਲੋਂ ਦਿੱਲੀ ਮੋਰਚਿਆਂ ’ਤੇ ਕਿਸਾਨ ਜਥੇ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇਣ ਦਾ ਹੋਕਾ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨੇ ਵਿਚ ਕਿਲ੍ਹਾ ਰਾਏਪੁਰ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਮੋਹਣਜੀਤ ਸਿੰਘ ਦਾ ਕਿਸਾਨ ਮੋਰਚੇ ਵੱਲੋਂ ਸਨਮਾਨ ਕੀਤਾ ਗਿਆ। ਪ੍ਰਧਾਨ ਚੁਣੇ ਜਾਣ ਬਾਅਦ ਪਹਿਲੀ ਵਾਰ ਕਿਸਾਨ ਮੋਰਚੇ ਵਿਚ ਪਹੁੰਚੇ ਮੋਹਣਜੀਤ ਸਿੰਘ ਨੇ ਕਿਹਾ ਕਿ ਪੇਂਡੂ ਸਹਿਕਾਰੀ ਸਭਾਵਾਂ ਆਪਣਾ ਮੁਨਾਫ਼ਾ ਲੋਕਾਂ ਵਿਚ ਵੰਡਦੀਆਂ ਹਨ, ਜਦਕਿ ਕਾਰਪੋਰੇਟ ਘਰਾਣੇ ਆਪਣੇ ਮੁਨਾਫ਼ੇ ਲਈ ਲੋਕਾਂ ਦੀ ਬੇਕਿਰਕੀ ਨਾਲ ਲੁੱਟ ਕਰਦੇ ਹਨ। ਉਨ੍ਹਾਂ ਪਿੰਡਾਂ ਵਿਚ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਕੇ ਅਤੇ ਸਾਂਝੀ ਖੇਤੀ ਦਾ ਮਾਡਲ ਵਿਕਸਤ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇਣ ਦਾ ਸੱਦਾ ਦਿੱਤਾ। ਧਰਨੇ ਦੀ ਅਗਵਾਈ ਸੁਖਵਿੰਦਰ ਕੌਰ, ਅਮਨਦੀਪ ਕੌਰ ਅਤੇ ਮਹਿੰਦਰ ਕੌਰ ਨੇ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਮੰਤਰੀ ਮੰਡਲ ਦੇ ਹਾਲੀਆ ਵਿਸਥਾਰ ਵਿਚ ਅਮਿਤ ਸ਼ਾਹ ਨੂੰ ਕੇਂਦਰੀ ਸਹਿਕਾਰਤਾ ਮੰਤਰੀ ਬਣਾ ਕੇ ਸਹਿਕਾਰੀ ਸਭਾਵਾਂ ਨੂੰ ਵੀ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਧਰਨ ਦਾ ਪ੍ਰੋਗਰਾਮ ਉਲੀਕਿਆ ਹੈ, ਸਹਿਕਾਰੀ ਸਭਾਵਾਂ ਦੇ ਅਸਲ ਮਨੋਰਥ ਦੀ ਰਾਖੀ ਲਈ ਕਿਸਾਨਾਂ ਨੂੰ ਸੰਘਰਸ਼ ਦਾ ਸੱਦਾ ਦਿੱਤਾ।
ਕਿਸਾਨਾਂ ਵੱਲੋਂ ਟਰੈਕਟਰ ਰੋਸ ਮਾਰਚ 26 ਨੂੰ
ਖੰਨਾ (ਜੋਗਿੰਦਰ ਸਿੰਘ ਓਬਰਾਏ): ਨੇੜਲੇ ਪਿੰਡ ਸਲੌਦੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਚੜ੍ਹਦੀਕਲਾ ਲਈ ਮੀਟਿੰਗ ਕੀਤੀ ਗਈ, ਜਿਸ ਵਿਚ ਆਮ ਲੋਕਾਂ ਨੂੰ ਕਾਲੇ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ਼ ਜਾਗਰੂਕ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਲੋਕਾਂ ਨੂੰ ਦਿੱਲੀ ਮੋਰਚੇ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਉਤਸ਼ਾਹਿਤ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ 26 ਅਗਸਤ ਨੂੰ ਇਥੋਂ ਦੀ ਅਨਾਜ ਮੰਡੀ ਤੋਂ ਕਿਸਾਨ ਅੰਦੋਲਨ ਦੇ 9 ਮਹੀਨੇ ਪੂਰੇ ਹੋਣ ’ਤੇ ਟਰੈਕਟਰ ਰੋਸ ਮਾਰਚ ਰਾਹੀਂ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿਚ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਸਾਨ ਅੰਦੋਲਨ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ’ਤੇ ਟਰੈਕਟਰ ਰੋਸ ਮਾਰਚ ਦੀ ਸ਼ਾਨ ਵਧਾਉਣ ਦਾ ਭਰੋਸਾ ਦਿਵਾਇਆ।