ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਨਵੰਬਰ
ਲਖੀਮਪੁਰ ਖੀਰੀ ਕਾਂਡ ਨੇ ਦੇਸ਼ ਦੁਨੀਆਂ ਹਿਲਾ ਕੇ ਰੱਖ ਦਿੱਤੀ ਸੀ ਅਤੇ ਉਸੇ ਕਾਂਡ ਨੂੰ ਹੁਣ ਭਾਜਪਾ ਦੀ ਭਾਈਵਾਲ ਰਹੇ ਅਕਾਲੀ ਦਲ ਨੇ ਪੰਜਾਬ ਵਿੱਚ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰੋਜ਼ਪੁਰ ਵਿੱਚ ਹਰਸਿਮਰਤ ਕੌਰ ਬਾਦਲ ਦੇ ਦੌਰੇ ਸਮੇਂ ਅਕਾਲੀ ਉਮੀਦਵਾਰ ਨੇ ਜਿਸ ਤਰ੍ਹਾਂ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ’ਤੇ ਪਿੱਛਿਓਂ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਬੋਨਟ ’ਤੇ ਧੂਹ ਕੇ ਲੈ ਗਿਆ, ਉਹ ਬਰਦਾਸ਼ਤਯੋਗ ਨਹੀਂ। ਜੇਕਰ ਕਿਸਾਨ ਆਗੂ ਸਿਆਣਪ ਤੋਂ ਕੰਮ ਨਾ ਲੈਂਦੇ ਤਾਂ ਇਸ ਘਟਨਾ ਨੇ ਕੁਝ ਹੋਰ ਹੀ ਰੂਪ ਲੈਣਾ ਸੀ। ਇਥੇ ਕਿਸਾਨ ਮੋਰਚੇ ’ਚ ਧਰਨਾਕਾਰੀਆਂ ਨੇ ਅਕਾਲੀ ਦਲ ਖ਼ਿਲਾਫ਼ ਭਾਰੀ ਰੋਸ ਪ੍ਰਗਟਾਇਆ ਅਤੇ 27 ਨਵੰਬਰ ਦੀ ਸੁਖਬੀਰ ਬਾਦਲ ਦੀ ਜਗਰਾਉਂ ਫੇਰੀ ਸਮੇਂ ਉਨ੍ਹਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕ ਅਕਾਲੀ ਸਰਕਾਰ ਦੀ ਦਸ ਸਾਲ ਦੀ ਗੁੰਡਾਗਰਦੀ ਭੁੱਲੇ ਨਹੀਂ ਤੇ ਹੁਣ ਸੱਤਾ ’ਚ ਆਉਣ ਲਈ ਕਾਹਲੇ ਅਕਾਲੀ ਫਿਰ ਉਸੇ ਰਾਹ ਤੁਰੇ ਪਏ ਹਨ। ਉਨ੍ਹਾਂ ਕਿਹਾ ਕਿ ਘਟਨਾ ਦਾ ਜ਼ਿੰਮੇਵਾਰ ਅਕਾਲੀ ਆਗੂ ਉਲਟਾ ਕਿਸਾਨਾਂ ’ਤੇ ਗੋਲੀਆਂ ਚਲਾਉਣ ਸਮੇਤ ਹੋਰ ਝੂਠੇ ਦੋਸ਼ ਮੜ੍ਹ ਰਿਹਾ ਹੈ।
ਧਰਨੇ ਨੂੰ 406ਵੇਂ ਦਿਨ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਦਰਸ਼ਨ ਸਿੰਘ ਗਾਲਬਿ, ਕੁਲਵਿੰਦਰ ਸਿੰਘ ਢੋਲਣ, ਜਗਜੀਤ ਸਿੰਘ ਮਲਕ, ਹਰਭਜਨ ਸਿੰਘ ਦੌਧਰ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਨੂੰ ਹੋਰ ਭਖਾਇਆ ਜਾਵੇਗਾ। 28 ਨੂੰ ਕਿਸਾਨੀ ਲਹਿਰ ਅਤੇ ਜਾਤ ਪਾਤ ਦੇ ਕੋਹੜ ਖ਼ਿਲਾਫ਼ ਸਾਰੀ ਉਮਰ ਸੰਘਰਸ਼ ਕਰਨ ਵਾਲੀ ਮਹਾਨ ਸ਼ਖ਼ਸੀਅਤ ਮਹਾਤਮਾ ਜਯੋਤੀ ਬਾਈ ਫੂਲੇ ਦੀ ਬਰਸੀ ’ਤੇ ਮੁੰਬਈ ਦੇ ਆਜ਼ਾਦ ਮੈਦਾਨ ’ਚ ਕਿਸਾਨਾਂ ਦੀ ਵਿਸ਼ਾਲ ਮਹਾਪੰਚਾਇਤ ਕਰਕੇ ਦੱਖਣ ’ਚ ਕਿਸਾਨ ਸੰਘਰਸ਼ ਨੂੰ ਫੈਲਾਉਣ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਦਿਨ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਅਰਬ ਮਹਾਸਾਗਰ ’ਚ ਪਾਈਆਂ ਜਾਣਗੀਆਂ। 29 ਨਵੰਬਰ ਨੂੰ ਦਿੱਲੀ ਸੰਸਦ ਮਾਰਚ ਲਈ ਵੀ ਪਿੰਡਾਂ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।