ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਦਸੰਬਰ
ਸਨਅਤੀ ਸ਼ਹਿਰ ਦੇ ਪੌਰਸ਼ ਇਲਾਕੇ ਬੀਆਰਐੱਸ ਨਗਰ ਵਿਚ ਆਵਾਰਾ ਕੁੱਤਿਆਂ ਦੇ ਆਤੰਕ ਤੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪਿਛਲੇ 24 ਘੰਟੇ ਦੌਰਾਨ ਲੋਧੀ ਕਲੱਬ ਨੇੜੇ ਪਾਰਕ ’ਚ ਆਵਾਰਾ ਕੁੱਤੇ 16 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ। ਲੋਕਾਂ ਦੇ ਦੋਸ਼ ਹਨ ਕਿ ਉਨ੍ਹਾਂ ਨੇ ਸਵੇਰੇ ਸਵੇਰੇ ਸਾਢੇ 8 ਵਜੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਆਵਾਰਾ ਕੁੱਤਿਆਂ ਬਾਰੇ ਫੋਨ ਕੀਤਾ ਸੀ ਪਰ ਜਦੋਂ ਨਗਰ ਨਿਗਮ ਦੇ ਮੁਲਾਜ਼ਮ 11 ਘੰਟੇ ਬਾਅਦ ਇਲਾਕੇ ਵਿਚ ਆਏ, ਉਦੋਂ ਤੱਕ ਕੁੱਤੇ 16 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਸਨ। ਕੁੱਤਿਆਂ ਨੇ ਤਿੰਨ ਸਾਲ ਦੀ ਬੱਚੀ, 74 ਸਾਲਾਂ ਦੇ ਬਜ਼ੁਰਗ ਸਮੇਤ 16 ਲੋਕਾਂ ਨੂੰ ਵੱਢਿਆ ਹੈ। ਆਈ ਬਲਾਕ ਦੇ 74 ਸਾਲਾਂ ਹਰਮੋਹਨ ਖੁਰਾਨਾ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਉਹ ਆਪਣੀ ਤਿੰਨ ਸਾਲ ਦੀ ਦੋਹਤੀ ਨੂੰ ਪਾਰਕ ’ਚ ਖੇਡਣ ਲਈ ਲੈ ਕੇ ਗਏ ਸਨ। ਖੇਡਦੇ ਸਮੇਂ ਅਚਾਨਕ ਕੁੱਤੇ ਨੇ ਉਸਦੇ ਪੈਰ ਨੂੰ ਫੜ ਲਿਆ। ਛਡਵਾਉਣ ਲਈ ਜਦੋਂ ਉਹ ਅੱਗੇ ਆਇਆ ਤਾਂ ਕੁੱਤੇ ਨੇ ਉਨ੍ਹਾਂ ਦੇ ਹੱਥ ’ਤੇ ਦੰਦ ਮਾਰ ਦਿੱਤੇ।