ਦੇਵਿੰਦਰ ਸਿੰਘ ਜੱਗੀ
ਪਾਇਲ, 10 ਜੁਲਾਈ
ਪਿੰਡ ਧਮੋਟ ਕਲਾਂ ਵਿੱਚ ਹੜ੍ਹਾਂ ਤੇ ਬਾਰਸ਼ਾਂ ਦੇ ਵਾਧੂ ਪਾਣੀ ਨੂੰ ਲੰਘਾਉਣ ਲਈ ਸਰਹਿੰਦ ਨਹਿਰ ਦੇ ਥੱਲਿਓਂ ਦੀ ਬਣੀ ਸਾਈਫਨ ਵਿੱਚ ਖੜ੍ਹੀ ਬੂਟੀ ਤੇ ਘਾਹ ਕਾਰਨ ਵਾਧੂ ਪਾਣੀ ਦਾ ਲਾਂਘਾ ਬਿਲਕੁਲ ਬੰਦ ਹੋਇਆ ਪਿਆ ਹੈ। ਮਹਿਕਮੇ ਵੱਲੋਂ ਸਾਈਫਨ ਦੀ ਸਫਾਈ ਨਹੀਂ ਕੀਤੀ ਗਈ ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਮੀਂਹ ਅਤੇ ਪਿੰਡ ਦੇ ਗੰਦੇ ਪਾਣੀ ਦੇ ਖੜ੍ਹਨ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਰਸ਼ਾਂ ਦੇ ਵਾਧੂ ਪਾਣੀ ਨੂੰ ਲੰਘਾਉਣ ਲਈ ਬਣੀ ਸਾਈਫਨ ਵਿੱਚ ਪਿੰਡ ਵਾਸੀਆਂ ਵੱਲੋਂ ਗੰਦਾ ਪਾਣੀ ਵੀ ਗਲਤ ਤਰੀਕੇ ਨਾਲ ਪਾਇਆ ਗਿਆ ਹੈ। ਵਣ-ਵਿਭਾਗ ਦੇ ਬਲਾਕ ਅਫਸਰ ਬਲਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿਛਲੇ ਸਾਲ ਸਾਈਫਨ ਵਿੱਚ ਪੈਂਦੇ ਗੰਦੇ ਪਾਣੀ ਕਾਰਨ ਨਰਸਰੀ ਵਿੱਚ ਪੈਦਾ ਕੀਤੇ 35 ਹਜ਼ਾਰ ਬੂਟੇ ਤਹਿਸ ਨਹਿਸ ਹੋ ਗਏ। ਉਨ੍ਹਾਂ ਇਹ ਮਾਮਲਾ ਨਹਿਰੀ ਵਿਭਾਗ ਦੇ ਐਕਸੀਅਨ ਹਰਪਿੰਦਰਜੀਤ ਸਿੰਘ ਕੋਲ ਵੀ ਉਠਾਇਆ ਤਾਂ ਉਨ੍ਹਾਂ ਕਿਹਾ ਕਿ ਸਾਈਫਨ ਦੀ ਸਫਾਈ ਦਾ ਕੰਮ ਡਰੇਨ ਵਿਭਾਗ ਕੋਲ ਹੈ। ਡਰੇਨ ਵਿਭਾਗ ਦੇ ਐੱਸਡੀਓ ਕੁਲਜਿੰਦਰ ਸਿੰਘ ਨੇ ਕਿਹਾ ਕਿ ਸਾਈਫਨ ਕਨਾਲ ਵਿਭਾਗ ਸੰਗਰੂਰ ਦੇ ਅੰਦਰ ਪੈਂਦੀ ਹੈ ਜਿਸ ਦੀ ਸਫਾਈ ਲਈ 6 ਜੁਲਾਈ ਨੂੰ ਐੱਸਡੀਐੱਮ ਪਾਇਲ ਵੱਲੋਂ ਕੀਤੀ ਮੀਟਿੰਗ ਵਿੱਚ ਕਨਾਲ ਵਿਭਾਗ ਕੋਲੋਂ ਐਸਟੀਮੇਟ ਮੰਗਿਆ ਗਿਆ ਹੈ, ਫਿਰ ਇਹ ਕਿਵੇਂ ਕਹਿ ਰਹੇ ਹਨ ਕਿ ਸਾਈਫਨ ਡਰੇਨ ਵਿਭਾਗ ਅੰਦਰ ਹੈ।