ਲੁਧਿਆਣਾ: ਥਾਣਾ ਡਾਬਾ ਦੀ ਪੁਲੀਸ ਨੇ ਆਪਣੀ ਧੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਇੱਕ ਬਾਪ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਗੁਰਬਚਨ ਕਲੋਨੀ ਲੁਹਾਰਾ ਵਾਸੀ ਪੂਜਾ ਸ਼ਰਮਾ ਨੇ ਦੱਸਿਆ ਹੈ ਕਿ ਉਸ ਨੇ ਪਵਨ ਕੁਮਾਰ ਨਾਲ ਦੂਜੀ ਸ਼ਾਦੀ ਕਰਵਾਈ ਹੋਈ ਹੈ ਜੋ ਉਸ ਦੀ ਪਹਿਲੇ ਵਿਆਹ ਦੀ 17 ਸਾਲਾ ਧੀ ’ਤੇ ਗ਼ਲਤ ਨਜ਼ਰ ਰਖਦਾ ਸੀ। ਅਕਸਰ ਉਸ ਦੀ ਗ਼ੈਰਹਾਜ਼ਰੀ ਵਿੱਚ ਬੱਚੀ ਨਾਲ ਸਰੀਰਕ ਛੇੜਛਾੜ ਕਰਦਾ ਸੀ। ਉਸ ਨੇ ਪਵਨ ਕੁਮਾਰ ਨਾਲ ਜਦੋਂ ਇਸ ਹਰਕਤ ਬਾਰੇ ਗੱਲਬਾਤ ਕੀਤੀ ਤਾਂ ਉਸ ਨੇ ਦੋਵਾਂ ਮਾਂ-ਧੀ ਦੀ ਕੁੱਟਮਾਰ ਕੀਤੀ ਅਤੇ ਕਿਸੇ ਵੀ ਕਿਸਮ ਦੀ ਛੇੜਛਾੜ ਤੋਂ ਮੁੱਕਰ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਵੱਲੋਂ ਘਰ ਵਿੱਚ ਲੁਕਵੇਂ ਕੈਮਰੇ ਲਗਾ ਕੇ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਰਿਕਾਰਡ ਕੀਤਾ ਗਿਆ। ਥਾਣੇਦਾਰ ਅਵਿਨਾਸ਼ ਰਾਏ ਨੇ ਦੱਸਿਆ ਹੈ ਕਿ ਪੂਜਾ ਸ਼ਰਮਾ ਨੇ ਸਾਰੀ ਰਿਕਾਰਡਿੰਗ ਪੁਲੀਸ ਹਵਾਲੇ ਕਰ ਦਿੱਤੀ ਹੈ ਜਿਸ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ