ਪੱਤਰ ਪ੍ਰੇਰਕ
ਦੋਰਾਹਾ, 1 ਨਵੰਬਰ
ਇਲਾਕੇ ਪੰਜਾਬ ਵਿਚ ਆਲੂਆਂ ਦੀ ਬਿਜਾਈ ਜ਼ੋਰਾਂ ’ਤੇ ਹੈ ਅਤੇ ਹੁਣ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਚੁੱਕੀ ਹੈ, ਪਰ ਬਿਜਾਈ ਲਈ ਡੀਏਪੀ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇਸ ਸਬੰਧੀ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਜਸਵੀਰ ਝੱਜ, ਚਮਕੌਰ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਸੱਤ ਮਹੀਨੇ ਪਹਿਲਾਂ ਕੀਤੇ ਹੋਏ ਵਾਅਦੇ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗੇ ’ਤੇ ਅਮਲ ਕਰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਠੋਸ ਕਦਮ ਚੁੱਕਦੇ ਹੋਏ ਪਹਿਲ ਦੇ ਆਧਾਰ ’ਤੇ ਡੀਏਪੀ ਦੀ ਪੂਰਤੀ ਸਹੀ ਭਾਅ ’ਤੇ ਸਮਾਂ ਰਹਿੰਦੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਮੂੰਗੀ ਦੀ ਐਮਐਸਪੀ ਤੋਂ ਹੇਠਾਂ ਖ਼ਰੀਦ ਦੀ ਪੂਰਤੀ ਤੇ ਜੀਰੀ ਦੀ ਸਿੱਧੀ ਬਿਜਾਈ ਦਾ ਮੁਆਵਜ਼ਾ 1500 ਰੁਪਏ ਪ੍ਰਤੀ ਏਕੜ ਦੇਣ ਤੋਂ ਮੁਕਰ ਗਈ ਹੈ। ਸਰਕਾਰ ਕਿਸਾਨਾਂ ਨੂੰ ਮੁਆਵਜ਼ੇ ਦੇ ਨਾਲ ਨਾਲ ਬਰਸਾਤ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਪੂਰਤੀ ਕਰੇ ਅਤੇ ਕਿਸਾਨਾਂ ਨੂੰ ਮਾਲੀ ਮਦਦ ਤੇ ਮਸ਼ੀਨਰੀ ਮੁਹੱਈਆ ਕਰਵਾਏ। ਇਸ ਮੌਕੇ ਪਰਮਜੀਤ ਸਿੰਘ, ਨਛੱਤਰ ਸਿੰਘ, ਕੇਵਲ ਸਿੰਘ, ਜੰਗ ਸਿੰਘ, ਜਗਦੀਸ਼ ਰਾਏ, ਗੁਰਵੰਤ ਸਿੰਘ, ਗੁਰਨਾਮ ਸਿੰਘ, ਅਮਨਦੀਪ, ਗੁਰਮੇਲ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ, ਇਕਬਾਲ ਸਿੰਘ, ਅਮਰ ਸਿੰਘ, ਕਰਮ ਸਿੰਘ ਹਾਜ਼ਰ ਸਨ।