ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਜੂਨ
ਮਾਛੀਵਾੜਾ ਨੇੜੇ ਸਤਲੁਜ ਦਰਿਆ ਦੇ ਆਲੇ-ਦੁਆਲੇ ਵਸਦੇ ਪਿੰਡ ਮੰਡ ਉਧੋਵਾਲ, ਮੰਡ ਝੜੌਦੀ, ਦੌਲਤਪੁਰ ਦੀ ਜ਼ਮੀਨ ’ਤੇ ਪਿਛਲੇ 50 ਸਾਲਾਂ ਤੋਂ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਉਜਾੜ ਕੇ ਉਥੇ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਖ਼ਿਲਾਫ਼ ਅੱਜ ਕਿਸਾਨਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦਾ ਉਜਾੜਾ ਹੋਇਆ ਤਾਂ ਉਹ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਹੋਣਗੇ, ਜਿਸ ਦੇ ਜ਼ਿੰਮੇਵਾਰ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ।
ਅੱਜ ਇਨ੍ਹਾਂ ਪਿੰਡਾਂ ਦੇ ਕਿਸਾਨ ਕਰਨੈਲ ਸਿੰਘ ਸਰਪੰਚ ਮੰਡ ਝੜੌਦੀ, ਪ੍ਰੇਮ ਸਿੰਘ, ਗੁਰਮੁਖ ਸਿੰਘ, ਗੁਰਨਾਮ ਸਿੰਘ, ਗੁਰਮੀਤ ਸਿੰਘ, ਜਰਨੈਲ ਸਿੰਘ, ਫੱਗਣ ਸਿੰਘ, ਮੱਖਣ ਸਿੰਘ, ਦਲੇਰ ਸਿੰਘ, ਕਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ 50 ਸਾਲ ਪਹਿਲਾਂ ਦਰਿਆ ਦੇ ਆਸ-ਪਾਸ ਬੰਜਰ ਪਈ ਇਹ ਜਮੀਨ ਵਾਹੀਯੋਗ ਬਣਾਈ, ਉਸ ਸਮੇਂ ਜੰਗਲਾਤ ਵਿਭਾਗ ਕਿੱਥੇ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਜਮੀਨਾਂ ’ਚ ਕਿਸਾਨ ਹੁਣ ਆਪਣੇ ਪਰਿਵਾਰਾਂ ਸਮੇਤ ਘਰ ਬਣਾ ਖੇਤੀ ਕਰ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ ਪਰ ਹੁਣ ਸਰਕਾਰ ਉਨ੍ਹਾਂ ਨੂੰ ਉਜਾੜਨ ਦੇ ਰਾਹ ਤੁਰ ਪਈ ਹੈ।
ਕਈ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਜਮੀਨਾਂ ਦੇ ਕਾਸ਼ਤਕਾਰੀ ਹੱਕ ਹਨ ਫਿਰ ਵੀ ਧੱਕੇਸ਼ਾਹੀ ਕਰਦਿਆਂ ਖੇਤਾਂ ’ਚ ਬੀਜਿਆ ਝੋਨਾ ਵਾਹਿਆ ਜਾ ਰਿਹਾ ਹੈ ਅਤੇ ਕੰਡਿਆਲੀ ਤਾਰ ਲਗਾ ਕੇ ਆਪਣੇ ਖੇਤਾਂ ’ਚ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਖੇਤ ’ਚ ਬੀਜੀ ਫਸਲ ਸੁੱਕ ਰਹੀ ਹੈ। ਕਈ ਥਾਵਾਂ ’ਤੇ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ’ਚੋਂ ਬਾਹਰ ਕੱਢ ਜ਼ਮੀਨ ਵਾਹ ਕੇ ਪੌਦੇ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਲੋਕਾਂ ਨੇ ਰੋਹ ’ਚ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਜੰਗਲਾਤ ਵਿਭਾਗ ਨੇ ਉਨ੍ਹਾਂ ਦਾ ਉਜਾੜਾ ਨਾ ਰੋਕਿਆ ਤਾਂ ਉਹ ਧਰਨੇ ਦੇਣ ਨੂੰ ਮਜਬੂਰ ਹੋ ਜਾਣਗੇ।
ਜਥੇਦਾਰ ਉਮੈਦਪੁਰ ਤੇ ਖੀਰਨੀਆ ਕਿਸਾਨਾਂ ਦੇ ਹੱਕ ’ਚ ਆਏ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁੱਖ ਸੇਵਾਦਾਰ ਜਥੇਦਾਰ ਸੰਤਾ ਸਿੰਘ ਉਮੈਦਪੁਰ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਅੱਜ ਸਤਲੁਜ ਦਰਿਆ ਕਿਨਾਰੇ ਖੇਤੀ ਕਰਦੇ ਪੀੜਤ ਕਿਸਾਨਾਂ ਦੇ ਹੱਕ ਵਿਚ ਆਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਉਜਾੜੇ ਦਾ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਜੇਕਰ ਕਾਂਗਰਸ ਸਰਕਾਰ ਨੇ ਉਜਾੜਾ ਬੰਦ ਨਾ ਕੀਤਾ ਤਾਂ ਉਹ ਕਿਸਾਨਾਂ ਨੂੰ ਨਾਲ ਲੈ ਕੇ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢਣਗੇ।