ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਅਕਤੂਬਰ
ਡੀਏਪੀ ਦੀ ਪੈਦਾ ਕੀਤੀ ਗਈ ਕਿੱਲਤ ਅਤੇ ਦੂਜੇ ਪਾਸੇ ਇਸ ਦੀ ਹੋ ਰਹੀ ਕਾਲਾਬਾਜ਼ਾਰੀ ਖ਼ਿਲਾਫ਼ ਭੜਕੇ ਕਿਸਾਨ ਅੱਜ ਜਗਰਾਉਂ ਦੀਆਂ ਸੜਕਾਂ ’ਤੇ ਨਿੱਕਲ ਆਏ। ਯੂਰੀਆ ਤੇ ਡੀਏਪੀ ਦੀ ਮੰਗ ਪੂਰੀ ਨਾ ਹੋਣ ਸਮੇਤ ਝੋਨੇ ਦੀ ਨਮੀ ਦੇ ਨਾਂ ’ਤੇ ਕੀਤੀ ਜਾ ਰਹੀ ਖੱਜਲ-ਖੁਆਰੀ, ਅਨਾਜ ਮੰਡੀਆਂ ’ਚ ਝੋਨੇ ਦੇ ਗੱਟੂ ਦਾ ਤੋਲ 38 ਕਿਲੋ 100 ਗਰਾਮ ਬੰਨ੍ਹਣ, ਝੋਨੇ ਦੀ ਖ਼ਰੀਦ ’ਤੇ ਪ੍ਰਤੀ ਏਕੜ ਬੰਦਿਸ਼ 33 ਕੁਇੰਟਲ ਦੀ ਥਾਂ 36 ਕੁਇੰਟਲ ਕਰਨ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਦੁਖੀ ਕਿਸਾਨਾਂ ਨੇ ਰੋਸ ਮਾਰਚ ਤੋਂ ਬਾਅਦ ਸਥਾਨਕ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰਕੇ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਿਆ। ਉਪਰੰਤ ਇਥੇ ਸ਼ੇਰਪੁਰਾ ਰੋਡ ਨਵੀਂ ਅਨਾਜ ਮੰਡੀ ਸਾਹਮਣੇ ਸਥਿਤ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸਾਨ ਮਸਲਿਆਂ ਦਾ ਫੌਰੀ ਹੱਲ ਨਾ ਹੋਇਆ ਤਾਂ ਉਹ ਅਧਿਕਾਰੀਆਂ ਤੇ ਦਫ਼ਤਰਾਂ ਦਾ ਘਿਰਾਓ ਕਰਨਗੇ। ਬੀਕੇਯੂ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਤਾੜਨਾ ਕੀਤੀ ਕਿ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੇ ਮਾੜੇ ਨਤੀਜੇ ਨਿਕਲਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਨਮੀ 17 ਫ਼ੀਸਦੀ ਤੋਂ ਵਧਾ ਕੇ ਵੀਹ ਫ਼ੀਸਦੀ ਕੀਤੀ ਜਾਵੇ, ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ’ਚ ਡੀਏਪੀ ਮੰਗ ਮੁਤਾਬਕ ਭੇਜੀ ਜਾਵੇ, ਡੀਏਪੀ ਦੀ ਬਲੈਕ ਖ਼ਤਮ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾਣ। ਇਸੇ ਤਰ੍ਹਾਂ ਐੱਫਸੀਆਈ ਦਫ਼ਤਰ ਮੂਹਰੇ ਮੁਜ਼ਾਹਰੇ ਸਮੇਂ ਡਰਿੱਲ ਚਲਾ ਕੇ ਝੋਨਾ ਸੁਕਾਉਣ ਦੀ ਇਜਾਜ਼ਤ ਦੇਣ ਅਤੇ ਨਮੀ ਦੇ ਨਾਂ ’ਤੇ ਖੁਆਰੀ ਬੰਦ ਕਰਨ ਦੀ ਮੰਗ ਕੀਤੀ। ਇਸ ਸਮੇਂ ਰਣਧੀਰ ਸਿੰਘ ਬੱਸੀਆਂ, ਕੰਵਲਜੀਤ ਖੰਨਾ, ਦਵਿੰਦਰ ਸਿੰਘ ਕਾਉਂਕੇ, ਪਰਮਜੀਤ ਸੱਵਦੀ, ਜਸਵਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ। ਉਧਰ ਦੂਜੇ ਪਾਸੇ ਚੌਕੀਮਾਨ ਟੌਲ ’ਤੇ ਅਤੇ ਸਥਾਨਕ ਰੇਵਲੇ ਪਾਰਕ ’ਚ ਕਿਸਾਨ ਮੋਰਚਾ ਅੱਜ 387ਵੇਂ ਜਾਰੀ ਰਿਹਾ।
ਅਦਾਲਤ ਰਾਹੀਂ ਮੋਰਚੇ ਨੂੰ ਖਦੇੜਨ ਦੇ ਸੁਫ਼ਨੇ ਨਾ ਦੇਖੇ ਸਰਕਾਰ: ਕਿਸਾਨ ਆਗੂ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸਰਬਉੱਚ ਅਦਾਲਤ ਦੇ ਮੋਢਿਆਂ ਉੱਪਰ ਰੱਖ ਕੇ ਕਿਸਾਨ ਮੋਰਚੇ ਨੂੰ ਖਦੇੜਨ ਦੇ ਸੁਫ਼ਨੇ ਦੇਖਣੇ ਬੰਦ ਕਰ ਦੇਵੇ। ਸਰਕਾਰ ਦੇ ਹਰ ਹੱਥਕੰਡੇ ਦਾ ਢੁਕਵਾਂ ਉੱਤਰ ਦੇਣ ਲਈ ਸੰਯੁਕਤ ਕਿਸਾਨ ਮੋਰਚਾ ਸਮਰੱਥ ਹੈ। ਲੜੀਵਾਰ ਧਰਨੇ ਦੀ ਅਗਵਾਈ ਰਜਿੰਦਰ ਕੌਰ ਨੇ ਕੀਤੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਲਲਹੇੜੀ ਚੌਂਕ ਵਿੱਚ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020, ਚਾਰ ਲੇਬਰ ਕੋਡ ਅਤੇ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਲਾਇਆ ਪੱਕਾ ਮੋਰਚਾ 26ਵੇਂ ਦਿਨ ਜਾਰੀ ਰਿਹਾ। ਹਰਚੰਦ ਸਿੰਘ ਅਤੇ ਕਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਮਹਿੰਗਾਈ, ਗੈਸ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ 26 ਨਵੰਬਰ ਨੂੰ ‘ਭਾਰਤ ਬਚਾਓ ਪਾਰਲੀਮੈਂਟ ਮਾਰਚ ਦਿੱਲੀ ਚੱਲੋ’ ਨੂੰ ਸਫਲ ਬਨਾਉਣ ਲਈ ਪਿੰਡ ਪੱਧਰ ’ਤੇ ਮੁਹਿੰਮ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲਗਪਗ ਇੱਕ ਸਾਲ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ, ਪਰ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਮੰਗ ਕੀਤੀ ਕਿ ਕਾਲੇ ਖੇਤੀ ਕਾਨੂੰਨ ਜਲਦ ਤੋਂ ਜਲਦ ਵਾਪਸ ਲਏ ਜਾਣ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਮੁੜ ਸਕਣ।