ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਮਈ
ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਰਘਵੀਰ ਸਿੰਘ ਆਸੀ ਕਲਾਂ ਦੀ ਅਗਵਾਈ ਵਿੱਚ ਸਬ-ਤਹਿਸੀਲ ਡੇਹਲੋਂ ਵਿੱਚ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ, ਸੁਰਜੀਤ ਸਿੰਘ ਸੀਲੋਂ ਅਤੇ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਲੋਕਾਂ ਨੂੰ ਮਾਲ ਮਹਿਕਮੇ ਨਾਲ ਸਬੰਧਿਤ ਆਪਣੇ ਕੰਮਾਂ ਲਈ ਖੱਜਲ ਹੋਣਾ ਪੈ ਰਿਹਾ ਹੈ, ਪਰ ਸਰਕਾਰ ਇਸ ਮਾਮਲੇ ਵਿੱਚ ਚੁੱਪ ਧਾਰ ਕੇ ਬੈਠੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਤਹਿਸੀਲਾਂ ਵਿੱਚ ਪਟਵਾਰੀਆਂ, ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਪਹਿਲਾਂ ਹੀ ਬੇਹੱਦ ਘਾਟ ਹੈ। ਹੁਣ ਜਦੋਂ ਪਟਵਾਰੀ ਹੜਤਾਲ਼ ਉੱਪਰ ਚਲੇ ਗਏ ਹਨ ਤਾਂ ਲੋਕਾਂ ਦਾ ਕੰਮਕਾਰ ਬਿਲਕੁਲ ਹੀ ਠੱਪ ਹੋ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਟਵਾਰੀਆਂ ਦੀਆਂ ਜਾਇਜ਼ ਮੰਗਾਂ ਮੰਨ ਕੇ ਹੜਤਾਲ਼ ਨੂੰ ਖ਼ਤਮ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਪਟਵਾਰੀਆਂ, ਕਰਮਚਾਰੀਆਂ ਦੀਆਂ ਖ਼ਾਲੀ ਅਸਾਮੀਆਂ ਨੂੰ ਤੁਰੰਤ ਭਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਮਾਲ ਮਹਿਕਮੇ ਵਿੱਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਵੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਕਿਸੇ ਭ੍ਰਿਸ਼ਟ ਅਧਿਕਾਰੀ/ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਨਾਇਬ ਤਹਿਸੀਲਦਾਰ ਦੀ ਗੈਰ-ਮੌਜੂਦਗੀ ਵਿਚ ਉਨ੍ਹਾਂ ਦੇ ਰੀਡਰ ਰਾਜ ਕੁਮਾਰ ਨੇ ਕਿਸਾਨਾਂ ਦਾ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਹਾਸਲ ਕੀਤਾ।