ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਦੀ ਹੰਬੜਾਂ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਵਿੱਚ 10 ਪਿੰਡ ਦੇ ਕਿਸਾਨਾਂ ਅਤੇ ਹੋਰ ਮੋਹਤਬਰਾਂ ਨਾਲ ਖੇਤਾਂ ’ਚ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਸਬੰਧੀ ਕਿਸਾਨ ਬੇਲਰਜ਼ ਮਿਲਣੀ ਕਰਵਾਈ ਗਈ। ਇਸ ਵਿੱਚ ਬਾਇਓ ਕੰਪਨੀ ਦੇ ਅਧਿਕਾਰੀਆਂ ਵੱਲੋਂ ਖੇਤਾਂ ’ਚ ਅੱਗ ਨਾ ਲਗਾਏ ਜਾਣ ਅਤੇ ਵਾਤਾਵਰਨ ਨੂੰ ਬਚਾਉਣ ਲਈ ਪਰਾਲੀ ਦੀਆਂ ਗੰਢਾ ਬਣਾ ਕੇ ਖੇਤਾਂ ’ਚੋਂ ਪਰਾਲੀ ਦਾ ਨਿਪਟਾਰਾ ਕਰਨ ਲਈ ਪਰਾਲੀ ਦੀ ਸਾਂਭ-ਸੰਭਾਲ ਸਬੰਧੀ 10 ਪਿੰਡਾਂ ਨੂੰ ਗੋਦ ਲਏ ਜਾਣ ਦਾ ਐਲਾਨ ਕੀਤਾ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਅਮਨਜੀਤ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਸਹਿਕਾਰੀ ਸਭਾ ਹੰਬੜਾਂ ਅਧੀਨ ਆਉਂਦੇ 10 ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨਾਂ ਵੱਲੋਂ ਪਰਾਲੀ ਦੇ ਖੇਤਾਂ ’ਚ ਅੱਗ ਨਾ ਲਗਾਏ ਜਾਣ ਦਾ ਫੈਂਸਲਾ ਲੈਂਦਿਆਂ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਜੋ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਪ੍ਰਧਾਨ ਚਾਵਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕਰਦਿਆਂ ਸੂਬੇ ’ਚ ਇਕ ਮਿਸਾਲ ਪੈਦਾ ਕੀਤੀ ਹੈ ਤੇ ਅਸੀਂ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਇਨ੍ਹਾਂ ਪਿੰਡਾਂ ਨਾਲ ਕੰਪਨੀ ਵੱਲੋਂ ਜੋ ਐਗਰੀਮੈਟ ਕੀਤਾ ਹੈ ਉਸ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਸਮੇਂ ਬਾਇਓ ਕੰਪਨੀ ਦੇ ਸੀਓ ਪ੍ਰਿਤਪਾਲ ਸ਼ਰਮਾ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਦੇ ਖੇਤਾਂ ’ਚ ਪਰਾਲੀ ਨੂੰ ਚੁੱਕਣ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਸਿੱਧਵਾਂ ਬੇਟ ਬਲਾਕ ਦੇ ਖੇਤੀਬਾੜੀ ਅਫਸਰ ਡਾ. ਗੁਰਮੁਖ ਸਿੰਘ, ਡਾ.ਅਰਸ਼ਦੀਪ ਸਿੰਘ ਏ.ਡੀ.ਓ ਸਰਕਲ ਹੰਬੜਾ, ਡਾ. ਸ਼ੇਰਅਜੀਤ ਸਿੰਘ ਮੰਡ ਵਿਸਥਾਰ ਖੇਤੀਬਾੜੀ ਅਫਸਰ ਸਰਕਲ ਭੂੰਦੜੀ ਨੇ ਵੀ ਕਿਸਾਨਾਂ ਨਾਲ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਵਾਤਾਵਰਨ ਨੂੰ ਬਚਾਉਣ ਲਈ ਪਿੰਡ ਹੰਬੜਾਂ, ਵਲੀਪੁਰ ਕਲਾਂ, ਵਲੀਪੁਰ ਖੁਰਦ, ਘਮਣੇਵਾਲ, ਮਾਣੀਏਵਾਲ, ਬਾਣੀਏਵਾਲ, ਭੱਠਾਧੂਹਾ, ਰਾਣਕੇ ਅਤੇ ਕੋਟਲੀ ਆਦਿ ਦੇ 10 ਪਿੰਡਾਂ ਚ ਖੇਤਾਂ ਨੂੰ ਅੱਗ ਨਾ ਲਗਾਏ ਜਾਣ ਦਾ ਪ੍ਰਣ ਕੀਤਾ ਹੈ।