ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਅਪਰੈਲ
ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਅੱਜ ਇਥੋਂ ਦੇ ਨੇੜਲੇ ਪਿੰਡ ਘੁਰਾਲਾ ਅਤੇ ਬਰਮਾਲੀਪੁਰ ਦਾ ਵੱਡਾ ਜੱਥਾ ਦਿੱਲੀ ਬਾਰਡਰ ਲਈ ਰਵਾਨਾ ਹੋਇਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਕਸ਼ਮੀਰਾ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਸਮੁੱਚਾ ਭਾਈਚਾਰਾ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦਾ ਪ੍ਰਭਾਵ ਕਿਸਾਨਾਂ ਤੋਂ ਇਲਾਵਾ ਹਰ ਦੁਕਾਨਦਾਰ, ਵਪਾਰੀ, ਟਰਾਂਸਪੋਰਟ ਅਤੇ ਆਮ ਲੋਕਾਂ ’ਤੇ ਵੀ ਪਵੇਗਾ ਅਤੇ ਇਸ ਨਾਲ ਛੋਟੇ ਕਾਰੋਬਾਰ ਠੱਪ ਹੋ ਕੇ ਰਹਿ ਜਾਣਗੇ।
ਸ੍ਰੀ ਬੈਨੀਪਾਲ ਅਤੇ ਜਸਵੀਰ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਜਲਦ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਐੱਮ.ਐੱਸ.ਪੀ ’ਤੇ ਕਾਨੂੰਨ ਬਣਾਏ, ਕਿਉਂਕਿ ਸਰਕਾਰ ਕੋਲ ਭੱਜਣ ਲਈ ਕੋਈ ਰਾਹ ਨਹੀਂ ਹੈ।
ਇਸ ਦੌਰਾਨ ਕਿਸਾਨਾਂ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਅਪਣਾਇਆ ਅੜੀਅਲ ਰਵੱਈਆ ਛੱਡਣ ਦੀ ਵੀ ਅਪੀਲ ਕੀਤੀ। ਇਸ ਮੌਕੇ ਹਰਵਿੰਦਰ ਸਿੰਘ, ਹਰਮੇਲ ਸਿੰਘ, ਬਲਬੀਰ ਸਿੰਘ, ਜਸਵੀਰ ਸਿੰਘ, ਰਛਪਾਲ ਸਿੰਘ, ਸਾਧੂ ਸਿੰਘ, ਪਲਵਿੰਦਰ ਸਿੰਘ, ਸੁੱਖੀ ਰਤਨਪਾਲੋਂ, ਅਵਤਾਰ ਸਿੰਘ, ਦੀਦਾਰ ਸਿੰਘ, ਜਗਜੀਤ ਸਿੰਘ, ਗੁਰਦਿਆਲ ਸਿੰਘ ਤੇ ਹਵਾ ਸਿੰਘ ਹਾਜ਼ਰ ਸਨ।