ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 3 ਮਈ
ਬੇਟ ਇਲਾਕੇ ਦੇ ਪਿੰਡ ਮਲਕਪੁਰ, ਬੈਂਸ, ਬੀਰਮੀ, ਫ਼ਾਗਲ਼ਾ, ਨੂਰਪੁਰ ਬੇਟ, ਹੰਬੜਾਂ, ਖਹਿਰਾ ਬੇਟ ਸਮੇਤ ਬਲੀਪੁਰ ਕਲਾਂ ਪਿੰਡਾਂ ਵਿਚ ਕਿਸਾਨਾਂ ਦੀ ਲਾਮਬੰਦੀ ਲਈ ਕਿਸਾਨ ਆਗੂ ਸੁਖਵਿੰਦਰ ਸਿੰਘ ਮਾਂਗਟ ਦੀ ਅਗਵਾਈ ਵਿਚ ਮੀਟਿੰਗਾਂ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖ਼ਜ਼ਾਨੇ ਦਾ ਮੂੰਹ ਕਿਸਾਨਾਂ-ਮਜ਼ਦੂਰਾਂ ਵੱਲ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਬੇਮੌਸਮੀ ਗਰਮੀ ਅਤੇ ਬਰਸਾਤ ਕਾਰਨ ਕਣਕ ਦੇ ਘਟੇ ਝਾੜ ਅਤੇ ਅੱਗਾਂ ਨਾਲ ਕਣਕ ਦੀ ਫ਼ਸਲ ਅਤੇ ਨਾੜ ਤਬਾਹ ਹੋਣ ਬਦਲੇ ਮੁਆਵਜ਼ਾ ਮੰਗਿਆ ਹੈ। ਕਿਸਾਨ ਆਗੂ ਮਾਂਗਟ ਨੇ ਕਿਹਾ ਕਿ ਚੋਣਾਂ ਦੌਰਾਨ ਵਾਅਦੇ ਅਨੁਸਾਰ ਬਿਜਲੀ ਸਪਲਾਈ ਦੇਣ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 9 ਮਈ ਨੂੰ ਸਾਰੇ ਹਲਕਿਆਂ ਵਿਚ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਆਗੂ ਬੇਅੰਤ ਸਿੰਘ, ਜਤਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਜਗਦੇਵ ਸਿੰਘ ਨੇ ਕਿਸਾਨਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਾਅਦੇ ਅਨੁਸਾਰ ਮਜ਼ਦੂਰਾਂ ਲਈ ਮੁਫ਼ਤ ਅਤੇ ਨਿਰਵਿਘਨ ਬਿਜਲੀ ਸਪਲਾਈ ਤੋਂ ਇਲਾਵਾ ਖੇਤੀ ਲਈ ਸਪਲਾਈ ਵਿਚ ਸੁਧਾਰ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਵਾਅਦਿਆਂ ਤੋਂ ਮੁੱਕਰੀ ਮੋਦੀ ਹਕੂਮਤ ਨੂੰ ਘੇਰਨ ਲਈ ਕਿਸਾਨਾਂ ਮਜ਼ਦੂਰਾਂ ਨੂੰ ਮੁੜ ਦੇਸ਼ ਵਿਆਪੀ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ।