ਸੰਤੋਖ ਗਿੱਲ
ਗੁਰੂਸਰ ਸੁਧਾਰ, 4 ਸਤੰਬਰ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਤੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਉਤਰ ਪ੍ਰਦੇਸ਼ ਦੇ ਸ਼ਹਿਰ ਮੁਜ਼ੱਫ਼ਰਨਗਰ ਵਿਚ ਹੋ ਰਹੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਵੱਡਾ ਕਾਫ਼ਲਾ ਪੂਰੇ ਜੋਸ਼ੋ-ਖਰੋਸ਼ ਨਾਲ ਰਵਾਨਾ ਹੋਇਆ। ਕਾਫ਼ਲਾ ਰਵਾਨਾ ਕਰਨ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਪ੍ਰੋਫੈਸਰ ਜੈਪਾਲ ਸਿੰਘ, ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜਨਵਾਦੀ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਜੜ੍ਹਾਂ ਹਲਾ ਦੇਵੇਗੀ। ਲੜੀਵਾਰ ਧਰਨੇ ਦੀ ਅਗਵਾਈ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਅਮਨਦੀਪ ਕੌਰ ਅਤੇ ਮਹਿੰਦਰ ਕੌਰ ਨੇ ਕੀਤੀ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਬਲਾਕ ਅਹਿਮਦਗੜ੍ਹ ਤੋਂ ਸੈਂਕੜੇ ਕਿਸਾਨਾਂ ਦਾ ਜਥਾ ਮਹਾਪੰਚਾਇਤ ਮੁਜ਼ੱਫਰਨਗਰ (ਯੂਪੀ) ਲਈ ਰਵਾਨਾ ਹੋਇਆ। ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ੇਰ ਸਿੰਘ ਮਹੌਲੀ, ਗੁਰਮੇਲ ਸਿੰਘ ,ਹਰਬੰਸ ਸਿੰਘ ਮਾਣਕੀ, ਬਲਦੀਪ ਸਿੰਘ ਕੁੱਪ ਅਤੇ ਰਸ਼ਪਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਅੱਜ ਬਲਾਕ ਅਹਿਮਦਗੜ੍ਹ ਦੇ ਪਿੰਡ ਅਕਬਰਪੁਰ ਛੰਨਾਂ ਤੋਂ ਸੈਂਕੜੇ ਕਿਸਾਨਾਂ ਦਾ ਜਥਾ ਰਵਾਨਾ ਹੋਇਆ ਹੈ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਕਿਸਾਨ ਘੋਲ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ ਲਈ ਭਲਕੇ 5 ਸਤੰਬਰ ਨੂੰ ਯੂਪੀ ਦੇ ਮੁਜ਼ੱਫਰਨਗਰ ’ਚ ਰੱਖੀ ਮਹਾ ਰੈਲੀ ਲਈ ਕਿਸਾਨਾਂ ਦੇ ਜਥੇ ਜਗਰਾਉਂ ਇਲਾਕੇ ਤੋਂ ਰਵਾਨਾ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਵੱਡੀ ਗਿਣਤੀ ਕਿਸਾਨਾਂ ਨੇ ਬੱਸਾਂ ਅਤੇ ਆਪਣੇ ਸਾਥਨਾਂ ਰਾਹੀਂ ਚਾਲੇ ਪਾਏ। ਜਗਰਾਉਂ ਤੋਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਗੁਰਪੀਤ ਸਿੰਘ ਸਿੱਧਵਾਂ, ਮਲਕੀਤ ਸਿੰਘ ਹਠੂਰ, ਹਰਪੀਤ ਸਿੰਘ ਅਖਾੜਾ, ਜਗਜੀਤ ਸਿੰਘ ਕਲੇਰ, ਬਲਵੀਰ ਸਿੰਘ ਅਗਵਾੜ ਲੋਪੋਂ, ਰਜਿੰਦਰ ਸਿੰਘ ਭਨੋਹੜ, ਅਜਮੇਰ ਸਿੰਘ ਦੀ ਅਗਵਾਈ ’ਚ ਵੱਡਾ ਜਥਾ ਮੁਜ਼ੱਫਰਨਗਰ ਲਈ ਰਵਾਨਾ ਹੋਇਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਉਹ ਇਕ ਦਿਨ ਪਹਿਲਾਂ ਰਵਾਨਾ ਹੋ ਰਹੇ ਹਨ। ਇਸ ਤਰ੍ਹਾਂ ਉਹ ਜਾਮ ਤੋਂ ਬਚਦੇ ਹੋਏ ਬਿਨਾਂ ਖੁਆਰੀ ਦੇ ਸਮਾਂ ਰਹਿੰਦੇ ਰੈਲੀ ਵਾਲੀ ਥਾਂ ਪਹੁੰਚ ਜਾਣਗੇ। ਉਥੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਮਹਾ ਰੈਲੀ ਨੂੰ ਸਫਲ ਬਣਾਉਣ ’ਚ ਆਪਣਾ ਯੋਗਦਾਨ ਵੀ ਪਾ ਸਕਣਗੇ। ਇਸੇ ਤਰ੍ਹਾਂ ਚੌਕੀਮਾਨ ਟੌਲ ਪਲਾਜ਼ੇ ’ਤੇ ਧਰਨਾ ਦੇਣ ਰਹੀਆਂ ਜਥੇਬੰਦੀਆਂ ਨੇ ਵੀ ਇਸ ਮਹਾ ਰੈਲੀ ਲਈ ਜਥਾ ਰਵਾਨਾ ਕੀਤਾ। ਇਸ ਮਹਾ ਰੈਲੀ ਦੀ ਲਾਮਬੰਦੀ ਲਈ ਇਲਾਕੇ ਦੇ ਪਿੰਡਾਂ ’ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਮੁਹਿੰਮ ਚਲਾਈ ਗਈ ਸੀ। ਇਸ ’ਚ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਯੋਗਦਾਨ ਪਾਇਆ। ਕਿਸਾਨ ਆਗੂਆਂ ਸਤਨਾਮ ਸਿੰਘ ਮੋਰਕਰੀਮਾ ਅਤੇ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਇਹ ਮਹਾ ਰੈਲੀ ਕਿਸਾਨ ਸੰਘਰਸ਼ ਨੂੰ ਨਵੀਂ ਦਿਸ਼ਾ ਦੇਣ ਅਤੇ ਮੋਦੀ ਹਕੂਮਤ ਦਾ ਹੰਕਾਰ ਭੰਨਣ ਦਾ ਕੰਮ ਕਰੇਗੀ।
ਕਿਰਤੀ ਕਿਸਾਨ ਯੂਨੀਅਨ ਦਾ ਜਥਾ ਰਵਾਨਾ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਲਕੇ 5 ਸਤੰਬਰ ਨੂੰ ਮੁਜ਼ੱਫਰਨਗਰ ਵਿਖੇ ਹੋਣ ਵਾਲੀ ਕਿਸਾਨ ਰੈਲੀ ’ਚ ਸ਼ਿਰਕਤ ਕਰਨ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਦੀ ਅਗਵਾਈ ਵਿੱਚ ਰਵਾਨਾ ਹੋਇਆ। ਜੱਥਾ ਰਵਾਨਾ ਕਰਨ ਤੋਂ ਪਹਿਲਾਂ ਜ਼ਿਲ੍ਹਾ ਕਨਵੀਨਰ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਮੁਜ਼ੱਫਰਨਗਰ ਵਿਖੇ ਹੋਣ ਵਾਲੀ ਮਹਾਂ ਰੈਲੀ ਇਕ ਨਵਾਂ ਇਤਿਹਾਸ ਬਣਾਵੇਗੀ।
ਕਿਸਾਨਾਂ ਤੇ ਮਜ਼ੁੂਦਰਾਂ ਦਾ ਏਕਾ ਮਜ਼ਬੂਤ ਕਰਨ ਲਈ ਲਾਮਬੰਦੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਪਿੰਡ ਤੁਗਲ ਵਿਚ ਕਿਸਾਨ-ਮਜ਼ਦੂਰ ਅੰਦੋਲਨ ਸਹਿਯੋਗੀ ਲਹਿਰ ਵੱਲੋਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਲਾਮਬੰਦੀ ਆਰੰਭੀ ਗਈ ਹੈ। ਮਜ਼ਦੂਰ ਆਗੂ ਤਰਸੇਮ ਜੋਧਾਂ ਅਤੇ ਪ੍ਰਕਾਸ਼ ਸਿੰਘ ਹਿੱਸੋਵਾਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਵਾਦਿਤ ਖੇਤੀ ਕਾਨੂੰਨਾਂ ਦੀ ਮੁਕੰਮਲ ਵਾਪਸੀ, ਬਿਜਲੀ ਕਾਨੂੰਨ 2020 ਅਤੇ ਪ੍ਰਦੂਸ਼ਣ ਬਾਰੇ ਪਰਾਲੀ ਸਬੰਧੀ ਆਰਡੀਨੈਂਸ ਰੱਦ ਕਰਨ, ਮਜ਼ਦੂਰ ਵਿਰੋਧੀ 4 ਕਿਰਤ ਕੋਡ ਰੱਦ ਕਰਵਾਉਣ ਲਈ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕਿਸਾਨਾਂ-ਮਜ਼ਦੂਰਾਂ ਦੀ ਏਕਤਾ ਤੋਂ ਵੀ ਅੱਗੇ ਵੱਧ ਕੇ ਲੋਕ ਘੋਲ ਉਸਾਰਨ ਲਈ ਘਰ-ਘਰ ਤੱਕ ਲੈ ਜਾਣ ਲਈ ਲਗਾਤਾਰ ਵੱਡੇ ਹੰਭਲੇ ਦੀ ਲੋੜ ਹੈ। ਇਹ ਵੀ ਫ਼ੈਸਲਾ ਕੀਤਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਈਕਲ ਮਾਰਚ 22 ਸਤੰਬਰ ਤੋਂ ਸ਼ੁਰੂ ਕਰ ਕੇ 28 ਸਤੰਬਰ ਨੂੰ ਦਿੱਲੀ ਵਿਚ ਪਹੁੰਚੇਗਾ।