ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਨਵੰਬਰ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਪੱਕੇ ਮੋਰਚੇ ਉੱਪਰ ਲੜੀਵਾਰ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਮੋਦੀ ਹਕੂਮਤ ਦੇ ਰਾਜ ਵਿਚ ਵਿਵਾਦਿਤ ਤਿੰਨ ਖੇਤੀ ਕਾਨੂੰਨ ਜਿਹੜੇ ਰਾਹ ਆਏ ਸੀ ਅੱਜ ਉਸੇ ਰਾਹ ਹੀ ਵਾਪਸ ਹੋਣ ਨਾਲ ਅੰਦੋਲਨਕਾਰੀ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਰਜਿੰਦਰ ਕੌਰ, ਸੁਖਵਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਬਾਰੇ ਸਰਕਾਰ ਦੇ ਗੋਲ-ਮੋਲ ਦਾਅਵੇ ਵਿਸ਼ਵਾਸ ਯੋਗ ਨਹੀਂ ਹਨ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਅਤੇ ਹੋਰ ਹੱਕੀ ਮੰਗਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ 426ਵੇਂ ਦਿਨ ਕਿਸਾਨ-ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਇਸ ਮੌਕੇ ਦਲਜੀਤ ਸਿੰਘ ਸਵੈਚ, ਹਰਮਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਜੱਥੇਬੰਦੀ ਦੇ ਸ਼ਾਂਤਮਈ ਤੇ ਅਨੁਸ਼ਾਸ਼ਨ ਕਾਰਨ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ ਅਤੇ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਵੀ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ, ਕਿਉਂਕਿ ਕਿਸਾਨਾਂ ਦੇ ਹੌਸਲੇ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਭੰਡਿਆ ਅਤੇ ਆਮ ਲੋਕਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਕ ਲੀਡਰਾਂ ਦੀਆਂ ਗੱਲਾਂ ਵਿਚ ਨਾ ਆਉਣ ਅਤੇ ਜ਼ੋਰ ਨਾਲ ਸਭ ਅੱਗੇ ਸਵਾਲ ਖੜ੍ਹੇ ਕਰਨ ਦੀ ਅਪੀਲ ਕੀਤੀ।
ਪੰਜਾਬ ਸਰਕਾਰ ਵੱਲੋਂ ਪੇਂਡੂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੀ ਨਿਖੇਧੀ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਲੋਕ ਸਭਾ ’ਚ ਉਸੇ ਹੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਉਸੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਸਬੰਧੀ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਕਾਨੂੰਨ ਪਾਸ ਕਰਕੇ ਲੋਕ ਏਕਤਾ ਦੀ ਇਤਿਹਾਸਕ ਜਿੱਤ ਨੂੰ ਪ੍ਰਵਾਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸਵਾ ਸਾਲ ਲੰਮੇ ਸੰਘਰਸ਼ ਦੀ ਜਕੜ ਨੇ ਕਾਰਪੋਰੇਟੀ ਕਠਪੁਤਲੀਆਂ ਨੂੰ ਮਿੱਟੀ ’ਚ ਰੋਲ ਕੇ ਦੱਸ ਦਿੱਤਾ ਕਿ ਲੋਕ ਤੇ ਲੋਕ ਹੀ ਸਭ ਤੋਂ ਵੱਡੇ ਹੁੰਦੇ ਹਨ। ਇਹ ਪ੍ਰਗਟਾਵਾ ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮਜ਼ਦੂਰ ਧਰਨੇ ’ਚ ਬੋਲਦਿਆਂ ਕਿਸਾਨ ਆਗੂਆਂ ਹਰਚੰਦ ਸਿੰਘ ਢੋਲਣ, ਧਰਮ ਸਿੰਘ ਸੂਜਾਪੁਰ, ਹਰਬੰਸ ਸਿੰਘ ਅਖਾੜਾ, ਦਲਜੀਤ ਸਿੰਘ ਰਸੂਲਪੁਰ, ਜਗਦੀਸ਼ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਲੋਕ ਏਕਤਾ ਦੀ ਮਿਸਾਲੀ ਜਿੱਤ ਨੇ ਲੋਕਾਂ ’ਚ ਜਿਸ ਜਮਾਤੀ ਚੇਤਨਾ ਦਾ ਸੰਚਾਰ ਕੀਤਾ ਹੈ ਉਸ ਨੇ ਇਸ ਗੱਲ ਦਾ ਮੁੱਢ ਬੰਨ੍ਹ ਦਿੱਤਾ ਹੈ ਕਿ ਆਉਂਦੇ ਸਮੇਂ ’ਚ ਹਕੂਮਤਾਂ ਭਵਿੱਖ ’ਚ ਲੋਕ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਵੀਹ ਵਾਰ ਸੋਚਣਗੀਆਂ। ਲੋਕਾਂ ਨੇ ਇਸ ਸਾਲ ਸਵਾ ਸਾਲ ਦੇ ਸਮੇਂ ’ਚ ਜਿਹੜੀ ਸਿੱਖਿਆ ਹਾਸਲ ਕੀਤੀ ਹੈ ਉਹ ਲੋਕ ਮੁੱਦਿਆਂ ’ਤੇ ਹੁਣ ਹੋਰ ਨਵੇਂ ਸੰਘਰਸ਼ਾਂ ਦਾ ਇਤਿਹਾਸ ਰਚੇਗੀ ਤੇ ਲੋਕ ਸਿਹਤ ਸਿੱਖਿਆ ਜਿਹੇ ਏਜੰਡਿਆਂ ਨੂੰ ਲੋਕ ਸੰਘਰਸ਼ਾਂ ਦਾ ਏਜੰਡਾ ਬਣਾਏਗੀ। ਅੱਜ ਦੇ ਧਰਨੇ ’ਚ ਉੱਗੇ ਗੀਤਕਾਰ ਜਗਦੇਵ ਮਾਨ ਨੇ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਵਾਉਂਦਿਆਂ ਜਿੱਤ ’ਤੇ ਮੁਬਾਰਕਬਾਦ ਦਿੱਤੀ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੇਂਡੂ ਮਜ਼ਦੂਰਾਂ ਦੀਆਂ ਮੰਨੀਆਂ ਮੰਗਾਂ ਅਜੇ ਤੱਕ ਲਾਗੂ ਨਾ ਕਰਨ ਦੀ ਤਿੱਖੀ ਨਿਖੇਧੀ ਕਰਦਿਆਂ ਮਜ਼ਦੂਰ ਸੰਘਰਸ਼ ਦੀ ਹਮਾਇਤ ਕੀਤੀ। ਬੁਲਾਰਿਆਂ ਨੇ ਮੁੱਖ ਮੰਤਰੀ ਚੰਨੀ ਵੱਲੋਂ ਸੰਘਰਸ਼ਸ਼ੀਲ ਕਾਮਿਆਂ ’ਤੇ ਪਰਚੇ ਦਰਜ ਕਰਨ ਦੀ ਧਮਕੀ ਦੇਣ ਦੀ ਨਿੰਦਾ ਕਰਦਿਆਂ ਕਿਹਾ ਕਿ ਹੁਣ ਸਮੂਹ ਦੋਗਲੇ ਕਿਰਦਾਰ ਨੂੰ ਨਫ਼ਰਤ ਕਰਨਾ ਸਿੱਖ ਗਏ ਹਨ। ਬੁਲਾਰਿਆਂ ਨੇ ਸਾਰੇ ਵਿਭਾਗਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਵੀ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ ਅਤੇ ਸੰਸਦ ਦੇ ਦੋਹਾਂ ਸਦਨਾਂ ’ਚ ਕਾਨੂੰਨ ਰੱਦ ਕਰਨ ਵਾਲਾ ਬਿੱਲ ਪਾਸ ਹੋਣ ਨੂੰ ਕਿਸਾਨਾਂ ਸੰਘਰਸ਼ ਦੀ ਜਿੱਤ ਕਰਾਰ ਦਿੱਤਾ।