ਸੰਤੋਖ ਗਿੱਲ
ਗੁਰੂਸਰ ਸੁਧਾਰ, 25 ਨਵੰਬਰ
ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਜਮਹੂਰੀ ਕਿਸਾਨ ਸਭਾ ਦਾ ਵੱਡਾ ਜਥਾ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਸਿੰਘੂ ਬਾਰਡਰ ਮੋਰਚੇ ਵਿੱਚ ਸ਼ਾਮਲ ਹੋਣ ਲਈ ਜੋਸ਼ੀਲੇ ਨਾਅਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਮੋਹਣਜੀਤ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਹਰਨੇਕ ਸਿੰਘ ਗੁੱਜਰਵਾਲ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਸਭ ਮੰਗਾਂ ਮਨਵਾਉਣ ਲਈ ਤੇ ਮੋਰਚੇ ਦੀ ਵਰ੍ਹੇਗੰਢ ਮੌਕੇ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ ਜੁੜਨਗੇ। ਜਨਵਾਦੀ ਇਸਤਰੀ ਸਭਾ ਦੀ ਆਗੂ ਸੁਖਵਿੰਦਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ ਨੇ ਕਿਹਾ ਕਿ ਅੰਦੋਲਨਕਾਰੀਆਂ ਦੀ ਜਿੱਤ ਅਤੇ ਸਰਕਾਰ ਦੀ ਸ਼ਰਮਨਾਕ ਹਾਰ ਹੁਣ ਬਹੁਤ ਨਜ਼ਦੀਕ ਹੈ। ਇਸੇ ਦੌਰਾਨ ਬੀਬੀਆਂ ਦਾ ਜਥਾ ਪਿੰਡ ਗੁੱਜਰਵਾਲ ਦੇ ਗੁਰੂਘਰ ਵਿਚ ਅਰਦਾਸ ਕਰ ਕੇ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਪੱਖੋਵਾਲ ਦੇ ਕਨਵੀਨਰ ਕੁਲਦੀਪ ਸਿੰਘ ਗੁੱਜਰਵਾਲ, ਕਿਸਾਨ ਆਗੂ ਦਰਸ਼ਨ ਸਿੰਘ ਫੱਲੇਵਾਲ ਅਤੇ ਚਰਨਜੀਤ ਸਿੰਘ ਫੱਲੇਵਾਲ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਟਿੱਕਰੀ ਬਾਰਡਰ ਲਈ ਰਵਾਨਾ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਮੰਗਾਂ ਪੂਰੀਆਂ ਕਰਵਾਉਣ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇਕਬਾਲ ਸਿੰਘ ਨੰਗਲ ਖ਼ੁਰਦ, ਪਵਿੱਤਰ ਸਿੰਘ ਨੰਗਲ ਕਲਾਂ, ਬਲਰਾਜ ਸਿੰਘ ਜੰਡ ਹਾਜ਼ਰ ਸਨ।
ਰਾਜਧਾਨੀ ਦੇ ਬਾਰਡਰਾਂ ’ਤੇ ਇਕੱਠ ਇਤਿਹਾਸਕ ਹੋਣ ਦਾ ਐਲਾਨ
ਪਾਇਲ (ਦੇਵਿੰਦਰ ਜੱਗੀ): ਦਿੱਲੀ ਦੀਆਂ ਹੱਦਾਂ ’ਤੇ 26 ਨਵੰਬਰ ਨੂੰ ਵਰ੍ਹੇਗੰਢ ਮਨਾਉਣ ਲਈ ਪਿੰਡ ਘੁਡਾਣੀ ਕਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਕਾਫਲਿਆਂ ਦੇ ਰੂਪ ਵਿਚ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 29 ਨਵੰਬਰ ਨੂੰ ਸੰਸਦ ਵੱਲ ਜਾਣ ਦਾ ਪ੍ਰੋਗਰਾਮ ਵੀ ਤੈਅ ਸ਼ੁਦਾ ਪ੍ਰੋਗਰਾਮ ਅਨੁਸਾਰ ਚਲਾਇਆ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ, ਦਰਸ਼ਨ ਸਿੰਘ, ਗੁਰਕੀਰਤ ਸਿੰਘ, ਪ੍ਰੇਮ ਸਿੰਘ, ਹਰਜੀਤ ਸਿੰਘ, ਮੋਹਣ ਸਿੰਘ, ਸੁਖਬੀਰ ਸਿੰਘ, ਨਿਰਮਲ ਸਿੰਘ ਸ਼ਾਮਲ ਸਨ।
ਖੰਨਾ (ਜੋਗਿੰਦਰ ਸਿੰਘ ਓਬਰਾਏ): ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਖੇਤੀ ਕਾਨੂੰਨਾਂ ਅਤੇ ਹੋਰ ਹੱਕੀਂ ਮੰਗਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਇਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਅਰੰਭਿਆ ਸੰਘਰਸ਼ 422ਵੇਂ ਦਿਨ ਕਿਸਾਨ-ਮਜ਼ਦੂਰ ਸੰਘਰਸ਼ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਲਗਾਤਾਰ ਜਾਰੀ ਹੈ। ਅੱਜ ਇਥੋਂ ਕਿਸਾਨਾਂ ਦਾ ਵੱਡਾ ਜੱਥਾ ਦਿੱਲੀ ਰਵਾਨਾ ਹੋਇਆ। ਇਸ ਮੌਕੇ ਦਲਜੀਤ ਸਿੰਘ ਸਵੈਚ, ਹਰਮਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ 26 ਨਵੰਬਰ ਨੂੰ ਦਿੱਲੀ ਵਿਚ ਇਤਿਹਾਸਕ ਇੱਕਠ ਹੋਵੇਗਾ, ਜੋ ਨਵਾਂ ਇਤਿਹਾਸ ਸਿਰਜੇਗਾ ਅਤੇ ਕਿਸਾਨਾਂ ਦੇ ਇੱਕਠ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।
ਐੱਮਐੱਸਪੀ ’ਤੇ ਖਰੀਦ ਦੀ ਗਾਰੰਟੀ ਦੇ ਕਾਨੂੰਨ ਬਿਨਾਂ ਕਿਸਾਨਾਂ ਦਾ ਭਲਾ ਅਸੰਭਵ ਕਰਾਰ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਸੰਸਦ ਇਜਲਾਸ ’ਚ ਇਨ੍ਹਾਂ ਨੂੰ ਰੱਦ ਵੀ ਕਰ ਦਿੱਤਾ ਜਾਵੇਗਾ ਪਰ ਸਵਾਲ ਸਿਰਫ ਇਹ ਕਾਨੂੰਨ ਰੱਦ ਕਰਨ ਦਾ ਨਹੀਂ ਸਗੋਂ ਦੇਸ਼ ਦੇ ਕਿਸਾਨਾਂ ਦੀ ਭਲਾਈ ਦਾ ਹੈ। ਇਸੇ ਲਈ ਕਿਸਾਨ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਨਾਲ-ਨਾਲ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਵੀ ਨਾਲ ਹੀ ਮੰਗਦੇ ਆ ਰਹੇ ਹਨ। ਜੇ ਘੱਟੋ ਘੱਟ ਸਮੱਰਥਨ ਮੁੱਲ ’ਤੇ ਦੇਸ਼ ਦੇ ਸਾਰੇ ਰਾਜਾਂ ’ਚ ਜਿਣਸਾਂ ਦੀ ਖਰੀਦ ਨਹੀਂ ਹੋਵੇਗੀ ਤਾਂ ਕਿਸਾਨਾਂ ਦਾ ਜਿਉਂਦਾ ਰਹਿਣਾ ਵੀ ਦੁੱਭਰ ਹੋ ਜਾਵੇਗਾ। ਇਸ ਲਈ ਇਹ ਗਾਰੰਟੀ ਲਏ ਬਿਨਾਂ ਕਿਸਾਨਾਂ ਮੰਨਣ ਵਾਲੇ ਨਹੀਂ। ਇਹ ਪ੍ਰਗਟਾਵਾ ਇਥੇ ਰੇਲਵੇ ਸਟੇਸ਼ਨ ’ਤੇ ਚੱਲਦੇ ਕਿਸਾਨ ਮੋਰਚੇ ’ਚ ਕਿਸਾਨ ਆਗੂਆਂ ਨੇ ਕੀਤਾ। ਇਸੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਕਿਸਾਨ ਜਥਿਆਂ ਨੇ ਦਿੱਲੀ ਵੱਲ ਕੂਚ ਕੀਤਾ। ਔਰਤਾਂ ਵੀ ਵੱਡੀ ਗਿਣਤੀ ’ਚ ਦਿੱਲੀ ਕਿਸਾਨ ਸੰਘਰਸ਼ ਦੀ ਵਰ੍ਹੇਗੰਢ ’ਚ ਸ਼ਾਮਲ ਹੋਣ ਲਈ ਗਈਆਂ ਹਨ। ਕਈ ਪਿੰਡਾਂ ’ਚੋਂ ਕਿਸਾਨ ਆਪਣੇ ਸਾਧਨਾਂ ਤੇ ਟਰੈਕਟਰ-ਟਰਾਲੀਆਂ ਰਾਹੀਂ ਗਏ ਜਦਕਿ ਕਈ ਕਿਸਾਨ ਰੇਲ ਗੱਡੀਆਂ ’ਚ ਸਵਾਰ ਹੋਏ ਹਨ। ਕਿਸਾਨ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ, ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਕੰਵਲਜੀਤ ਖੰਨਾ, ਧਰਮ ਸਿੰਘ ਸੂਜਾਪੁਰ, ਦਰਸ਼ਨ ਸਿੰਘ ਗਾਲਬਿ ਆਦਿ ਨੇ ਕਿਹਾ ਕਿ 27 ਨਵੰਬਰ ਦੀ ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ ਜੋ ਵੀ ਅਗਲਾ ਪ੍ਰੋਗਰਾਮ ਦੇਵੇਗਾ ਕਿਸਾਨ ਜਥੇਬੰਦੀਆਂ ਉਸ ’ਤੇ ਪਹਿਲਾਂ ਵਾਂਗ ਫੁੱਲ ਚੜ੍ਹਾਉਣਗੀਆਂ। ਚੌਕੀਮਾਨ ਟੌਲ ਤੋਂ ਵੀ ਟਰੈਕਟਰ ਟਰਾਲੀਆਂ ਦਾ ਇਕ ਵੱਡਾ ਕਾਫਲਾ ਦਿੱਲੀ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਸਮੇਂ ਇਕੱਤਰਤਾ ਨੂੰ ਸਤਨਾਮ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਤਾਰੀ, ਅਵਤਾਰ ਸਿੰਘ ਚੌਕੀਮਾਨ ਨੇ ਸੰਬੋਧਨ ਕੀਤਾ।