ਜੋਗਿੰਦਰ ਸਿੰਘ ਓਬਰਾਏ
ਖੰਨਾ, 14 ਅਪ੍ਰੈਲ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋਂ ਇੱਥੋਂ ਦੇ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਗਿਆ ਸੰਘਰਸ਼ 197ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਲਗਾਤਾਰ ਜਾਰੀ ਰਿਹਾ। ਭੁੱਖ ਹੜਤਾਲ ਦੇ 147ਵੇਂ ਦਿਨ ਦੀਦਾਰ ਸਿੰਘ, ਰਤਨ ਸਿੰਘ ਅਤੇ ਰਛਪਾਲ ਸਿੰਘ ਬੈਠੇ। ਕਿਸਾਨਾਂ ਨੇ ਭਾਰੀ ਇਕੱਠ ਕਰ ਕੇ ਸੰਵਿਧਾਨ ਬਚਾਓ ਦੇ ਨਾਅਰੇ ਹੇਠ ਡਾ. ਭੀਮ ਰਾਓ ਅੰਬੇਦਕਰ ਦਾ 130ਵਾਂ ਜਨਮ ਦਿਹਾੜਾ ਮਨਾਇਆ, ਜਿਸ ਵਿਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ। ਇਸ ਮੌਕੇ ਦਲਜੀਤ ਸਿੰਘ ਸਵੈਚ ਅਤੇ ਗੁਰਦੀਪ ਸਿੰਘ ਨੇ ਕਾਲੇ ਖੇਤੀ ਕਾਨੂੰਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਲ ਕੋਈ ਹੱਕ ਨਹੀਂ ਹੈ ਕਿ ਕਾਨੂੰਨ ਨਾਲ ਛੇੜਛਾੜ ਕਰੇ ਪ੍ਰਤੂੰ ਭਾਜਪਾ ਸਰਕਾਰ ਵੱਲੋਂ ਹਕੂਮਤ ਦੇ ਨਸ਼ੇ ਵਿਚ ਭਾਰਤ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਹਰ ਖੇਤਰ ਕਾਰਪੋਰੇਟ ਘਰਾਣਿਆਂ ਹੱਥ ਸੌਂਪ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਡੇ ਬੀਜ ਰਹੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਵਿਚਾਰ ਅਨੁਸਾਰ ਸੰਵਿਧਾਨ ਬਚਾਉਣ ਦੀ ਮੁਹਿੰਮ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਕੈਪਸ਼ਨ
ਕੇਂਦਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ। -ਫੋਟੋ: ਓਬਰਾਏ