ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਨਵੰਬਰ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਕਿਸਾਨ ਮੋਰਚਾ ਜਾਰੀ ਹੈ। ਅੱਜ ਕੌਮੀ ਮਾਰਗ ’ਤੇ ਇਕੱਤਰ ਕਿਸਾਨਾਂ ਨੇ ਮੁਜ਼ਾਹਰਾ ਵੀ ਕੀਤਾ। ਕਿਸਾਨਾਂ ਦੇ ਜ਼ਮੀਨੀ ਖਾਤੇ ‘ਸ਼ੱਕੀ’ ਕਰਾਰ ਦੇ ਕੇ ਝੋਨੇ ਦੀ ਅਦਾਇਗੀ ’ਚ ਸਰਕਾਰੀ ਅੜਿੱਕੇ ਡਾਹੇ ਜਾਣ ਵਿਰੁੱਧ ਕਿਸਾਨਾਂ ਵਿੱਚ ਰੋਸ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਅਜਿਹੇ ਸਰਕਾਰੀ ਅੜਿੱਕੇ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤੇ ਜਾਣਗੇ। ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਅਗਵਾਈ ’ਚ ਦਿੱਤੇ ਗਏ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਜ਼ਮੀਨਾਂ ਦੀ ਮੁਸ਼ਤਰਕਾ ਮਾਲਕਾਨਾ ਵਾਲੀ ਸਥਿਤੀ ਦੇ ਸਿੱਟੇ ਵਜੋਂ ਵੱਖ-ਵੱਖ ਕਿਸਾਨਾਂ ਦੇ ਖਾਤੇ ਨੰਬਰ ਜਮ੍ਹਾਂਬੰਦੀ ’ਚ ਖੇਵਟ, ਖਤੌਨੀ ਤੇ ਖਸਰਾ ਨੰਬਰ ਇਕੋ ਹੋਣ ਕਰਕੇ ਇਹ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਗਈ ਹੈ। ਪੰਜਾਬ ਮੰਡੀਕਰਨ ਬੋਰਡ ਵੱਲੋਂ 70 ਹਜ਼ਾਰ ਖਾਤੇ ‘ਸ਼ੱਕੀ’ ਕਰਾਰ ਦੇ ਕੇ ਝੋਨੇ ਦੀ ਕਰੋੜਾਂ ਰੁਪਏ ਦੀ ਬਣਦੀ ਅਦਾਇਗੀ ਰੋਕੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 31 ਅਕਤੂਬਰ ਤੱਕ ਪੰਜਾਬ ’ਚ ਲੋੜੀਂਦੀ 5.5 ਲੱਖ ਟਨ ਡੀਏਪੀ ਸਪਲਾਈ ਦੇਣ ਦੀ ਬਜਾਏ ਕੇਂਦਰ ਨੇ ਕੇਵਲ 2.25 ਲੱਖ ਟਨ ਸਪਲਾਈ ਭੇਜ ਕੇ ਕਿਸਾਨਾਂ ਦੀ ਦੁਸ਼ਮਣ ਹੋਣ ਦਾ ਇਕ ਹੋਰ ਸਬੂਤ ਦਿੱਤਾ ਹੈ। ਇਸੇ ਤਰ੍ਹਾਂ ਸਹਿਕਾਰੀ ਸਭਾਵਾਂ ਦੀ ਸਪਲਾਈ ’ਚ ਕੱਟ ਲਾ ਕੇ ਖੁੱਲ੍ਹੇ ਬਾਜ਼ਾਰ ’ਚ ਵਧੇਰੇ ਡੀਏਪੀ ਭੇਜੀ, ਜੋ ਕਾਲਾਬਾਜ਼ਾਰੀ ਰਾਹੀਂ ਵੇਚ ਕੇ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਜਥੇਬੰਦੀਆਂ ਨੇ ਡੀਏਪੀ ਉੱਚੇ ਦਰ ’ਤੇ ਵੇਚਣ ਵਾਲੇ ਦੁਕਾਨਦਾਰਾਂ ਦੀ ਸ਼ਨਾਖਤ ਕਰਕੇ ਉਸ ਦੀ ਦੁਕਾਨ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ।
ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾ ਜਾਰੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨਾ ਜਾਰੀ ਹੈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਅਤੇ ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅੜੀ ਛੱਡ ਕੇ ਖੇਤੀ ਕਾਨੂੰਨ ਵਾਪਸ ਲੈ ਕੇ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਅੰਦੋਲਨਕਾਰੀਆਂ ਨੂੰ ਘਰ ਵਾਪਸ ਭੇਜਣਾ ਚਾਹੀਦਾ ਹੈ।