ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 30 ਜੂਨ
ਭਾਰਤਮਾਲਾ ਪ੍ਰਾਜੈਕਟ ਲਈ 18 ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਜਬਰੀ ਗ੍ਰਹਿਣ ਕਰਨ ਵਿਰੁੱਧ 5ਵੇਂ ਦਿਨ ਮੀਂਹ ਵਿੱਚ ਵੀ ਬੀਬੀਆਂ ਸਮੇਤ ਕਿਸਾਨ-ਮਜ਼ਦੂਰ ਪੱਕੇ ਮੋਰਚੇ ’ਤੇ ਡਟੇ ਰਹੇ। ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਜਬਰੀ ਕਬਜ਼ੇ ਹੇਠ ਕੀਤੀਆਂ ਜ਼ਮੀਨਾਂ ਵਿੱਚ ਮੁੜ ਝੋਨਾ ਬੀਜ ਕੇ ਸਰਕਾਰ ਦੇ ਯਤਨਾਂ ਉੱਪਰ ਪਾਣੀ ਫੇਰ ਦਿੱਤਾ। ਮੀਂਹ ਦੇ ਬਾਵਜੂਦ ਮੋਰਚੇ ’ਤੇ ਡਟੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਸੁਦਾਗਰ ਸਿੰਘ ਘੁਡਾਣੀ, ਵਿਜੇਂਦਰ ਸਿੰਘ ਸਿਆੜ, ਮਨੋਹਰ ਸਿੰਘ, ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਅਤੇ ਪਰਮਜੀਤ ਸਿੰਘ ਕੋਟ ਆਗਾਂ ਨੇ ਕਿਹਾ ਕਿ ਬਜਟ ਵਿੱਚ ਕਿਸਾਨਾਂ-ਮਜ਼ਦੂਰਾਂ ਲਈ ਤਾਂ ਕੁਝ ਵੀ ਨਹੀਂ ਹੈ। ਕਿਸਾਨ ਆਗੂ ਜਸਬੀਰ ਸੰਘਾ, ਜਸਵੰਤ ਸਿੰਘ ਕੰਗਣਵਾਲ, ਚਰਨਜੀਤ ਸਿੰਘ ਫੱਲੇਵਾਲ, ਕਰਮਜੀਤ ਸਿੰਘ, ਮਨਜੀਤ ਕੌਰ ਕੋਟ ਆਗਾਂ ਅਤੇ ਬਲਬੀਰ ਕੌਰ ਜੜਾਹਾਂ ਨੇ ਐਲਾਨ ਕੀਤਾ ਕਿ ਉਚਿਤ ਮੁਆਵਜ਼ੇ ਬਿਨਾਂ ਜਬਰੀ ਜ਼ਮੀਨਾਂ ਗ੍ਰਹਿਣ ਨਹੀਂ ਕਰਨ ਦਿੱਤੀਆਂ ਜਾਣਗੀਆਂ।