ਸੰਤੋਖ ਗਿੱਲ
ਗੁਰੂਸਰ ਸੁਧਾਰ, 5 ਅਗਸਤ
ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਕਿਸਾਨ ਸੰਸਦ ਵਿਚ ਪਰਮਜੀਤ ਕੌਰ ਕਿਲ੍ਹਾ ਰਾਏਪੁਰ ਦੇ ਸਪੀਕਰ ਅਤੇ ਕੁਲਜੀਤ ਕੌਰ ਗਰੇਵਾਲ ਦੇ ਡਿਪਟੀ ਸਪੀਕਰ ਚੁਣੇ ਜਾਣ ਬਾਅਦ ਸਰਕਾਰ ਵੱਲੋਂ ਗੁਣਵੱਤਾ ਦੇ ਨਾਂਅ ਹੇਠ ਹਾੜੀ-ਸਾਉਣੀ ਦੀਆਂ ਫ਼ਸਲਾਂ ਦੇ ਸਖ਼ਤ ਮਾਪਦੰਡ ਦਾ ਮੁੱਦਾ ਉਠਾਉਂਦੇ ਹੋਏ ਕਿਸਾਨ ਆਗੂ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ ਅਤੇ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਅਜਿਹੇ ਨਿਯਮ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਅਤੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਤੋਂ ਭੱਜਣ ਲਈ ਬਣਾਏ ਹਨ। ਜਬਰਦਸਤ ਵਿਰੋਧ ਅਤੇ ਰੌਲੇ-ਰੱਪੇ ਬਾਅਦ ਸਪੀਕਰ ਵੱਲੋਂ ਕਿਸਾਨ ਸੰਸਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਉਧਰ ਝਨੇਰ ਵਾਸੀ ਸੰਘਰਸ਼ਸ਼ੀਲ ਕਿਸਾਨ ਪਰਿਵਾਰ ਨੇ ਆਪਣੀ ਵਿਲੱਖਣ ਰਵਾਇਤ ਨੂੰ ਕਾਇਮ ਰੱਖਦਿਆਂ ਲਹਿਰਾ ਟੌਲ ਪਲਾਜ਼ਾ ਦੇ ਕਿਸਾਨ ਮੋਰਚੇ ਵਿਚ ਆਪਣੀ ਮਾਤਾ ਕਰਮਜੀਤ ਕੌਰ ਅਤੇ ਦੋ ਸਾਲਾ ਪੁੱਤਰ ਗੁਰਕਰਨ ਸਿੰਘ ਦਾ ਜਨਮ ਦਿਨ ਮਨਾਇਆ। ਸੰਯੁਕਤ ਕਿਸਾਨ ਮੋਰਚੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਅਮਰਜੀਤ ਸਿੰਘ, ਸ਼ੇਰ ਸਿੰਘ ਮਹੋਲੀ, ਗੁਰਸ਼ਰਨ ਸਿੰਘ ਪੰਧੇਰ ਅਤੇ ਸਰਪੰਚ ਗੁਰਦੀਪ ਸਿੰਘ ਕਲਾਹੜ ਨੇ ਬੱਚੇ ਨੂੰ ਆਸ਼ੀਰਵਾਦ ਅਤੇ ਮਾਤਾ ਕਰਮਜੀਤ ਕੌਰ ਗਿੱਲ ਨੂੰ ਵਧਾਈ ਦਿੱਤੀ। ਡਾ. ਕੁਲਵਿੰਦਰ ਸਿੰਘ ਗਿੱਲ ਅਤੇ ਬੀਬੀ ਗੁਰਸ਼ਮਨਪ੍ਰੀਤ ਵੱਲੋਂ ਮੋਰਚੇ ਦੇ ਨਿੱਤ ਦਿਨ ਦੇ ਖ਼ਰਚਿਆਂ ਦੀ ਪੂਰਤੀ ਲਈ ਵੱਡੀ ਰਾਸ਼ੀ ਕਿਸਾਨ ਸੰਘਰਸ਼ ਵਿਚ ਯੋਗਦਾਨ ਵੀ ਪਾਇਆ।