ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਮਈ
ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੂੰ ਅਲਵਿਦਾ ਆਖਣ ਵਾਲੇ ਬਲਾਕ ਸਿੱਧਵਾਂ ਬੇਟ ਦੇ ਅਹੁਦੇਦਾਰ ਬੀਕੇਯੂ ਉਗਰਾਹਾਂ ’ਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਕਿ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਅਸਤੀਫ਼ੇ ਦਿੱਤੇ ਗਏ ਸਨ। ਅੱਜ ਉਗਰਾਹਾਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਇਸ ਸਮੇਂ ਉਚੇਚੇ ਤੌਰ ’ਤੇ ਪਹੁੰਚੇ ਜਿਨ੍ਹਾਂ ਦੀ ਹਾਜ਼ਰੀ ’ਚ ਬਲਾਕ ਸਿੱਧਵਾਂ ਬੇਟ ਦੀ ਚੋਣ ਵੀ ਕੀਤੀ ਗਈ।
ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਯੂਨੀਅਨ ਬਣਾਉਣਾ ਅਣਸਰਦੀ ਲੋੜ ਹੈ ਕਿਉਂਕਿ ਖੇਤੀ ਧੰਦਾ ਘਾਟੇ ’ਚ ਜਾ ਰਿਹਾ ਹੈ, ਲਾਗਤ ਖਰਚੇ ਵਧ ਰਹੇ ਹਨ ਅਤੇ ਫ਼ਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ। ਉਨ੍ਹਾਂ ਜਥੇਬੰਦੀ ਦੇ ਵਿਧਾਨ ਅਤੇ ਐਲਾਨਨਾਮੇ ਦੀ ਵਿਆਖਿਆ ਕਰਦਿਆਂ ਜਮਹੂਰੀ ਢੰਗ ਤਰੀਕੇ ਨਾਲ ਚੋਣ ਤੇ ਜ਼ਾਬਤੇ ਬਾਰੇ ਦੱਸਿਆ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਹੱਕੀ ਮੰਗਾਂ ਲਈ ਸਰਕਾਰਾਂ ਖ਼ਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਤ ਏਕੇ ਦੀ ਲੋੜ ਹੈ। ਬਲਾਕ ਕਮੇਟੀ ਦੀ ਚੋਣ ’ਚ 26 ਪਿੰਡਾਂ ਨੇ ਸ਼ਮੂਲੀਅਤ ਕੀਤੀ ਜਿਸ ’ਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਮਲਸੀਹਾਂ, ਜਨਰਲ ਸਕੱਤਰ ਰਾਮਸਰਨ ਸਿੰਘ ਰਸੂਲਪੁਰ, ਕਰਮਜੀਤ ਸਿੰਘ ਸਲੇਮਪੁਰਾ, ਤੀਰਥ ਸਿੰਘ ਤਲਵੰਡੀ, ਡਾ. ਪਰਮਜੀਤ ਸਿੰਘ ਸਵੱਦੀ, ਸੁਖਪ੍ਰੀਤ ਸਿੰਘ ਮਾਜਰੀ ਅਹੁਦੇਦਾਰ ਚੁਣੇ ਗਏ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਾਕ ਪ੍ਰਧਾਨ ਰਾਏਕੋਟ ਗੁਰਪ੍ਰੀਤ ਸਿੰਘ ਨੂਰਪੁਰਾ, ਪਰਿਵਾਰ ਸਿੰਘ ਗਾਲਬਿ ਕਲਾਂ, ਜਗਤ ਸਿੰਘ ਲੀਲਾਂ ਤੇ ਕਮਿੱਕਰ ਸਿੰਘ ਰਾਏਕੋਟ ਹਾਜ਼ਰ ਸਨ।