ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ ਘਰ ’ਚ ਕੁੱਤਾ ਜਾਂ ਬਿੱਲੀ ਰੱਖਣ ਦੇ ਸ਼ੌਕੀਨਾਂ ’ਤੇ ਨਵੀਂ ਫੀਸ ਲਗਾਈ ਸੀ, ਜਿਸ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਹੁਣ ਆਖ਼ਰੀ ਤਰੀਕ 31 ਦਸੰਬਰ ਹੈ। ਇਸ ਤੋਂ ਬਾਅਦ 400 ਰੁਪਏ ਦੀ ਰਜਿਸਟ੍ਰੇਸ਼ਨ ਫੀਸ ’ਤੇ 10 ਗੁਣਾ ਜੁਰਮਾਨੇ ਦੇ ਰੂਪ ਵਿੱਚ ਚਾਰ ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਦੱਸਣਯੋਗ ਹੈ ਕਿ ਨਗਰ ਨਿਗਮ ਨੇ ਲੁਧਿਆਣਾ ਵਿਚ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਹੋਈ ਹੈ, ਜਿਸ ਦੀ ਸ਼ੁਰੂਆਤ ਜੂਨ ਮਹੀਨੇ ਤੋਂ ਕੀਤੀ ਗਈ ਸੀ। ਇਹ ਰਜਿਸਟ੍ਰੇਸ਼ਨ ਆਨਲਾਈਨ ਵੀ ਕਰਵਾਈ ਜਾ ਸਕਦੀ ਹੈ। ਮੌਜੂਦਾ ਸਮੇਂ ਵਿਚ 800 ਦੇ ਕਰੀਬ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਹੋਈ ਹੈ। ਨਗਰ ਨਿਗਮ ਦੇ ਵੈਟਰਨਰੀ ਡਾਕਟਰ ਹਰਬੰਸ ਸਿੰਘ ਢੱਲਾ ਨੇ ਦੱਸਿਆ ਕਿ ਜੂਨ ਮਹੀਨੇ ਵਿਚ ਨਗਰ ਨਿਗਮ ਨੇ ਪਾਲਤੂ ਜਾਨਵਰ ਕੁੱਤਾ ਤੇ ਬਿੱਲੀ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਸੀ, ਜਿਸ ਤਹਿਤ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ 31 ਦਸੰਬਰ ਤੋਂ ਪਹਿਲਾਂ ਤੱਕ ਇਹ ਰਜਿਸਟ੍ਰੇਸ਼ਨ ਕਰਵਾ ਲੈਣ। ਉਨ੍ਹਾਂ ਦੱਸਿਆ ਕਿ ਇਸ ਰਜਿਸਟੇ੍ਰਸ਼ਨ ਲਈ ਲੋਕਾਂ ਨੂੰ ਨਿਗਮ ਦਫ਼ਤਰ ਜਾਣ ਦੀ ਲੋੜ ਨਹੀਂ। ਨਿਗਮ ਦੀ ਵੈੱਬਸਾਈਟ ਪੋਟਰਲ ’ਤੇ ਡੌਗ ਰਜਿਸਟ੍ਰੇਸ਼ਨ ਦਾ ਵੱਖਰਾ ਕਾਲਮ ਹੈ, ਜਿੱਥੇ ਲੋਕ ਆਨਲਾਈਨ ਕੁੱਤੇ ਤੇ ਬਿੱਲੀ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਨਗਰ ਨਿਗਮ ਵੱਲੋਂ ਰਜਿਸਟ੍ਰੇਸ਼ਨ ਤੋਂ ਬਾਅਦ ਲੋਕਾਂ ਨੂੰ ਕੁੱਤੇ ਲਈ ਟੋਕਨ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 31 ਦਸੰਬਰ ਇਸ ਦੀ ਆਖਰੀ ਤਰੀਕ ਹੈ। ਜੇਕਰ ਕੋਈ ਤੈਅ ਤਰੀਕ ਤੋਂ ਬਾਅਦ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਤਾਂ ਉਸ ਕੋਲੋਂ ਚਾਰ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।