ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਸਤੰਬਰ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪੰਜਾਬੀ ਵਿਭਾਗ ਦੇ ਉੱਦਮ ਸਦਕਾ ਵਿਦਿਆਰਥੀਆਂ ਨਾਲ ਕਰਵਾਏ ਰੂ-ਬ-ਰੂ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨੌਜਵਾਨ ਸ਼ਾਇਰ ਦਵਿੰਦਰਪਾਲ ਪਾਲੀ ਗਰੇਵਾਲ ਨੇ ਕਿਹਾ ਕਿ ਅਸਫਲਤਾਵਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਕਿਉਂਕਿ ਅਸਫਲਤਾਵਾਂ ਵਿਚੋਂ ਹੀ ਸਫਲਤਾ ਦਾ ਰਾਹ ਨਿਕਲਦਾ ਹੈ। ਉਨ੍ਹਾਂ ਵੱਡੇ-ਵੱਡੇ ਵਿਗਿਆਨੀਆਂ ਦੀਆਂ ਉਦਾਹਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਗਿਆਨ ਦੇ ਇਸ ਯੁੱਗ ਵਿਚ ਜੋ ਕੁਝ ਅਦਭੁਤ ਦਿਖਾਈ ਦੇ ਰਿਹਾ ਹੈ ਇਹ ਸਭ ਅਨੇਕਾਂ ਅਸਫਲਤਾਵਾਂ ਤੋਂ ਬਾਅਦ ਹੀ ਹਾਸਲ ਕੀਤਾ ਜਾ ਸਕਿਆ ਹੈ। ਪਾਲੀ ਗਰੇਵਾਲ ਨੇ ਵਿਦਿਆਰਥੀਆਂ ਨਾਲ ਚਰਚਾ ਕਰਦਿਆਂ ਕਿਹਾ ਕਿ ਕਿਸੇ ਪੱਧਰ ’ਤੇ ਹੋਈ ਹਾਰ ਕਦੇ ਅੰਤਿਮ ਨਹੀਂ ਹੁੰਦੀ ਸਗੋਂ ਜ਼ਿੰਦਗੀ ਹਾਰ ਤੋਂ ਸਬਕ ਲੈਣ ਨਾਲ ਵਧੀਆ ਬਣਦੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਕਵੀ ਕੋਈ ਨਹੀਂ ਹੁੰਦਾ ਸਗੋਂ ਹਰ ਕਵੀ ਲੋਕਾਂ ਲਈ ਹੀ ਲਿਖਦਾ ਹੈ। ਹੁਣ ਤਾਂ ਕੈਨੇਡਾ ਵਿਚ ਵੀ ਪੰਜਾਬ ਵਰਗੀਆਂ ਸਹੂਲਤਾਂ ਹੋ ਗਈਆਂ ਹਨ, ਭਾਸ਼ਾ ਕਦੇ ਵੀ ਮਰਦੀ ਨਹੀਂ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਸੋਹੀ ਨੇ ਧੰਨਵਾਦੀ ਸ਼ਬਦ ਬੋਲੇ।