ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਦਸੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਫ਼ਿਸ਼ਰੀਜ਼ ਨੇ ਮੱਛੀ ਦੇ ਪੌਸ਼ਟਿਕ ਗੁਣਾਂ ਅਤੇ ਉਸ ਦੇ ਗੁਣਵੱਤਾ ਭਰਪੂਰ ਉਤਪਾਦਾਂ ਦੇ ਵਾਧਿਆਂ ਬਾਰੇ ਜਾਗਰੂਕ ਕਰਨ ਲਈ ਕਈ ਗਤੀਵਿਧੀਆਂ ਕਰਵਾਈਆਂ। ਫ਼ਿਸ਼ਰੀਜ਼ ਕਾਲਜ ਦੇ ਡੀਨ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਮਨੁੱਖੀ ਭੋਜਨ ਵਿਚ ਵਰਤੀ ਜਾਂਦੀ ਪਸ਼ੂ ਪ੍ਰੋਟੀਨ ਦਾ 15 ਫ਼ੀਸਦ ਹਿੱਸਾ ਮੱਛੀ ਵਿੱਚੋਂ ਆਉਂਦਾ ਹੈ। ਪੰਜਾਬ ਵਿਚ ਇਸ ਦੀ ਖ਼ਪਤ ਸਿਰਫ 0.4 ਕਿਲੋਗ੍ਰਾਮ ਹੈ ਜੋ ਕਿ ਰਾਸ਼ਟਰੀ ਔਸਤ 9 ਕਿੱਲੋ ਦੇ ਮੁਕਾਬਲੇ ਬਹੁਤ ਘੱਟ ਹੈ। ਇਸੇ ਸੰਦਰਭ ਵਿਚ ਪੋਸਟਰ ਬਨਾਉਣ ਤੇ ਕਵਿਤਾ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਵਿਸ਼ਾ ‘ਸਿਹਤ ਲਈ ਮੱਛੀ’ ਸੀ। ਇਸ ਤੋਂ ਇਲਾਵਾ ਪ੍ਰਭਾਵਸ਼ਾਲੀ ਨਾਅਰਿਆਂ ਅਤੇ ਪ੍ਰਚਾਰ ਵਾਕਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ। ਫ਼ਿਸ਼ਰੀਜ਼ ਕਾਲਜ ਵਿੱਚ ਮੁਕਾਬਲਿਆਂ ਦਾ ਮੁਲਾਂਕਣ ਮੈਂਗਲੁਰੂ, ਅਸਾਮ ਅਤੇ ਦੂਜੇ ਸਹਿਰਾਂ ਤੋਂ ਆਏ ਅਧਿਆਪਕਾਂ ਨੇ ਕੀਤਾ। ਮੁਕਾਬਲਿਆਂ ਦਾ ਆਯੋਜਨ ਡਾ. ਸ਼ਾਂਤਨਾਗੌੜਾ ਅਤੇ ਡਾ. ਗਰਿਸ਼ਮਾ ਤਿਵਾੜੀ ਨੇ ਕਰਵਾਇਆ ਜਦਕਿ ਸੰਯੋਜਕ ਡਾ. ਵਨੀਤ ਇੰਦਰ ਕੌਰ ਸਨ। ਇਹ ਨਾਅਰੇ ਜਾਂ ਪ੍ਰਚਾਰ ਵਾਕ ਯੂਨੀਵਰਸਿਟੀ ਵਲੋਂ ਆਉਂਦੇ ਦਿਨਾਂ ਵਿਚ ਕਰਵਾਏ ਜਾ ਰਹੇ ‘ਮੱਛੀ ਭੋਜਨ ਮੇਲੇ’ ਵਿਚ ਵਰਤੇ ਜਾਣਗੇ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਡਾ. ਸਿੰਘ ਨੇ ਕਿਹਾ ਕਿ ਮੱਛੀ ਦੀ ਖੁਰਾਕੀ ਅਹਿਮੀਅਤ ਨੂੰ ਲੋਕਾਂ ਸਾਹਮਣੇ ਪ੍ਰਚਾਰਿਤ ਕਰਨਾ ਬਹੁਤ ਜ਼ਰੂਰੀ ਹੈ।