ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 3 ਜੂਨ
ਪਿੰਡ ਬਰਸਾਲ ’ਚ ਹੈਰੋਇਨ ਤਸਕਰਾਂ ਨੂੰ ਨਸ਼ਾ ਸਪਲਾਈ ਕਰਨ ਤੋਂ ਵਰਜਣ ਵਾਲੇ ਨੌਜਵਾਨ ’ਤੇ ਤਸਕਰਾਂ ਨੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਪੀੜਤ ਸੁਖਵਿੰਦਰ ਸਿੰਘ ਢਿੱਲੋਂ ਉਰਫ ਸੁੱਖੀ ਨੇ ਦੱਸਿਆ ਕਿ ਉਹ ਖੇਤਾਂ ’ਚੋਂ ਕੰਮ-ਕਾਜ ਕਰ ਕੇ ਵਾਪਸ ਆਪਣੇ ਘਰ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ’ਚ ਦਰਸ਼ਨ ਦੀ ਆਟਾ ਚੱਕੀ ਕੋਲ ਪਹੁੰਚਿਆ ਤਾਂ ਮਟੀਆਂ ਦੇ ਪਿਛਵਾੜੇ ਪਿੰਡ ਬਰਸਾਲ ਦੇ ਦੋ ਹੈਰੋਇਨ ਤਸਕਰ ਬਲਜਿੰਦਰ ਸਿੰਘ ਗੋਲਡੀ ਅਤੇ ਮਨੀ 8-10 ਲੜਕਿਆਂ ਨੂੰ ਨਸ਼ਾ ਵੇਚ ਰਹੇ ਸਨ। ਇਸ ਦੌਰਾਨ ਉਸ ਨੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ।
ਉਸ ਦੀ ਗੱਲ ਸੁਣ ਕੇ ਦੋਵੇਂ ਤਸਕਰ ਤਹਿਸ਼ ਵਿੱਚ ਆ ਗਏ ਤੇ ਉਨ੍ਹਾਂ ਵਿੱਚੋਂ ਇਕ ਗੋਲਡੀ ਨੇ ਉਸ (ਸੁਖਵਿੰਦਰ) ’ਤੇ ਲੋਹੇ ਦੀ ਰਾਡ ਨਾਲ ਮੋਢੇ ਅਤੇ ਸਿਰ ’ਤੇ ਵਾਰ ਕਰ ਦਿੱਤੇ। ਹਮਲੇ ਕਾਰਨ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਗਿਆ। ਇਸ ਮਗਰੋਂ ਲੋਕ ਇਕੱਠੇ ਹੁੰਦੇ ਦੇਖ ਦੋਵੇਂ ਤਸਕਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਦਰ ਦੇ ਏਐੱਸਆਈ ਅਯੂਬ ਮਸੀਹ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।