ਪੱਤਰ ਪੇ੍ਰਕ
ਗੁਰੂਸਰ ਸੁਧਾਰ, 2 ਨਵੰਬਰ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਏ ਦੀਵੇ, ਮੋਮਬਤੀਆਂ, ਮਾਸਕ, ਸਾਜ਼ੋ-ਸਜਾਵਟ ਦੇ ਸਮਾਨ ਦੀ ਪ੍ਰਦਰਸ਼ਨੀ ਲਾਈ। ਬੀ.ਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਵੱਲੋਂ ਬਣਾਈਆਂ ਵਸਤਾਂ ਨੂੰ ਇਸ ਪ੍ਰਤੀਯੋਗਤਾ ਵਿਚ ਪਹਿਲਾ ਸਥਾਨ ਹਾਸਲ ਹੋਇਆ। ਇਸੇ ਦੌਰਾਨ ਜਸਪ੍ਰੀਤ ਕੌਰ ਅਤੇ ਹਰਜੋਤ ਕੌਰ ਦੀ ਟੀਮ ਨੇ ਰੰਗੋਲੀ ਮੁਕਾਬਲੇ ਵਿਚ ਅਤੇ ਮਨਜੋਤ ਸਿੰਘ, ਗੁਰਕੀਰਤ ਸਿੰਘ ਅਤੇ ਗੁਰਪਿੰਦਰ ਸਿੰਘ ਦੀ ਟੀਮ ਨੇ ਪੋਸਟਰ ਮੇਕਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਕਾਮਰਸ ਵਿਭਾਗ ਦੀ ਮੁਖੀ ਡਾ. ਅਨੁਭੂਤੀ ਮੋਦਗਿਲ ਨੇ ਮੇਲੇ ਵਿਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਤਿਉਹਾਰੀ ਸੀਜ਼ਨ ਮੌਕੇ ਵਿਕਰੀ ਕੌਸ਼ਲ ਵਿਕਸਿਤ ਕਰਨਾ ਸੀ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ‘ਦੀਵਾਲੀ ਮੇਲੇ’ ਦਾ ਆਯੋਜਨ ਕੀਤਾ ਗਿਆ। ਮੇਲੇ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਜਸਵੰਤ ਸਿੰਘ ਗੁਰਾਇਆ ਨੇ ਕੀਤਾ।