ਦਵਿੰਦਰ ਜੱਗੀ
ਪਾਇਲ, 13 ਸਤੰਬਰ
ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਾਣੀਆਂ ਦੇ ਮੁੱਦੇ ’ਤੇ ਵੱਡੀ ਲੜਾਈ ਵਿੱਢ ਦਿੱਤੀ ਗਈ ਹੈ, ਇਸ ਨੂੰ ਅੱਗੇ ਵਧਾਉਂਦਿਆਂ 20 ਸਤੰਬਰ ਵਾਲੇ ਦਿਨ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਕੁਰਾਲੀ ਰੋਡ ’ਤੇ ਰੰਗੀ ਪੈਲੇਸ ਵਿੱਚ ਇੱਕ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਪੰਜਾਬ ਦਾ ਪਾਣੀ ਸਿਆਸਤ ਦੀ ਭੇਟ ਚੜ੍ਹ ਗਿਆ ਹੈ, ਇੱਥੇ ਹਰ ਪਾਰਟੀ ਨੇ ਸੱਤਾ ਪ੍ਰਾਪਤੀ ਲਈ ਪੰਜਾਬ ਦੇ ਹਿੱਤਾਂ ਦੀ ਬਲੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਭਾਈਚਾਰਿਆਂ ਨੂੰ ਛੋਟੀਆਂ ਮੋਟੀਆਂ ਵਖਰੇਵਿਆਂ ਦੀਆਂ ਗੱਲਾਂ ਦਾ ਤਿਆਗ ਕਰ ਕੇ ਚਾਰਾਂ ਜ਼ਿਲ੍ਹਿਆਂ ਦੀ ਹੋ ਰਹੀ ਇਸ ਇਤਿਹਾਸਕ ਕਾਨਫਰੰਸ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਣੀਆਂ ਬਾਬਤ ਉਸ ਹਰ ਪ੍ਰਾਣੀ ਨੂੰ ਅੰਦੋਲਨ ਦਾ ਹਿੱਸਾ ਬਣਨਾ ਪਵੇਗਾ ਜਿਹੜਾ ਵੀ ਸਾਹ ਲੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਹ ਪਾਵਨ ਧਰਤੀ ਹੈ ਜਿਸਨੇ ਹਰ ਖੇਤਰ ’ਚ ਮੋਹਰੀ ਰੋਲ ਨਿਭਾਇਆ, ਉਹ ਭਾਵੇਂ ਹਰੀ ਕ੍ਰਾਂਤੀ, ਨੀਲੀ ਕ੍ਰਾਂਤੀ ਜਾਂ ਕੋਈ ਵੀ ਹੋਰ ਕ੍ਰਾਂਤੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਅੱਜ ਪੰਜਾਬੀਆਂ ਦੀ ਖ਼ੁਦ ਦੀ ਹੋਂਦ ਦੀ ਲੜਾਈ ਪੰਜ-ਆਬਾਂ ਦੇ ਰੂਪ ਚ ਉਭਰ ਕੇ ਸਾਹਮਣੇ ਆਈ ਹੈ ਕਿਉਂ ਨਾ ਹਰ ਬੁੱਢੇ ਬਜ਼ੁਰਗ ਤੋਂ ਲੈ ਕੇ ਹਰ ਘਰ ਤੋਂ ਬੀਬੀਆਂ ਅਤੇ ਨੌਜਵਾਨਾਂ ਸਮੇਤ ਇਸ ਲੜਾਈ ’ਚ ਆਪਣਾ ਫਰਜ਼ ਪੂਰਾ ਕਰ ਕੇ ਮੁੱਕਣ ਜਾ ਰਹੇ ਪਾਣੀ ਬਾਬਤ ਚਿੰਤਤ ਹੋ ਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਨਿੱਤਰਈਏ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਡੇਹਲੋਂ ਤੋਂ ਪ੍ਰਧਾਨ ਕਰਮਜੀਤ ਸਿੰਘ ਗਿੱਲ ਹਾਜ਼ਰ ਸਨ।