ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜਨਵਰੀ
ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਗੁਰੂ ਘਰਾਂ ਵਿੱਚ ਗੁਰਮਤਿ ਸਮਾਗਮ ਹੋਏ ਜਿਨ੍ਹਾਂ ਵਿੱਚ ਸੰਗਤ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਨਾਮ ਬਾਣੀ ਦਾ ਲਾਹਾ ਖੱਟਿਆ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਹੋਏ ਸਮਾਗਮ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਆਸਾ ਦੀ ਵਾਰ ਅਤੇ ਬਸੰਤ ਕੀ ਵਾਰ ਦਾ ਕੀਰਤਨ ਕੀਤਾ ਉਪਰੰਤ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਨੇ ਸੰਗਤ ਨੂੰ ਮਾਘ ਮਹੀਨੇ ਦੇ ਸ਼ਬਦ ਦੀ ਵੀਚਾਰ ਨਾਲ ਜੋੜਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਮਾਘ ਮਹੀਨੇ ਦੌਰਾਨ ਰੋਜ਼ਾਨਾ ਸ਼ਾਮ 6: 45 ਵਜੇ ਤੋਂ 7: 45 ਵਜੇ ਤੱਕ ਸਿਮਰਨ ਸਮਾਗਮ ਹੋਣਗੇ। ਗੁਰਦੁਆਰਾ ਸ਼ਹੀਦਾਂ (ਫ਼ੇਰੂਮਾਨ) ਢੋਲੇਵਾਲ ਚੌਕ ਵਿੱਚ ਹੋਏ ਸਮਾਗਮ ਦੌਰਾਨ ਭਾਈ ਜਗਤ ਸਿੰਘ, ਭਾਈ ਗੁਰਦੀਪ ਸਿੰਘ ਜੈਪੁਰ, ਭਾਈ ਰਾਜਵਿੰਦਰ ਸਿੰਘ, ਭਾਈ ਅਵਤਾਰ ਸਿੰਘ ਮੁਲਤਾਨੀ, ਭਾਈ ਰਮਿੰਦਰ ਸਿੰਘ ਨੇ ਕੀਰਤਨ ਦੀ ਹਾਜ਼ਰੀ ਭਰੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੋਂ ਦੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਮਾਘੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਮਾਦਪੁਰੀ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।