ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਸਤੰਬਰ
ਇਥੇ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 125ਵੀਂ ਵਰੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਕਾ ਸਾਰਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਕਾਲਜ ਪ੍ਰਿੰਸੀਪਲ ਸੁਮਨ ਲਤਾ ਅਤੇ ਰੋਟਰੀ ਕਲੱਬ ਲੁਧਿਆਣਾ ਨਾਰਥ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਵਿੱਚ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਸਾਹਿਬ ਸਿੰਘ ਰੈਂਕ ਨੰਬਰ 182 ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਹਰਜਿੰਦਰ ਸਿੰਘ, ਸਵਰਨਜੀਤ ਕੌਰ, ਜਗਦੀਪ ਸਿੰਘ ਅਤੇ ਜਸਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪੁੱਜੇ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀ ਮਿਸਾਲ ਨਹੀਂ ਮਿਲਦੀ ਕਿਉਂਕਿ 36ਵੀਂ ਸਿੱਖ ਰੈਜ਼ੀਮੈਂਟ ਦੇ 21 ਅਣਖੀਲੇ, ਬਹਾਦਰ ਸੂਰਮਿਆਂ ਵੱਲੋਂ ਆਪਣੇ ਤੋਂ 500 ਗੁਣਾ ਵੱਧ ਹਥਿਆਰਾਂ ਨਾਲ ਲੈਸ ਕਬਾਇਲੀ ਅਫਗਾਨੀਆਂ ਅਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਊਨ ਨਾਲ ਸਨਮਾਨਿਤ ਕੀਤਾ ਸੀ।
ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਮਨੋਰਥ ਨੂੰ ਲੈ ਕੇ ਫਾਊਂਡੇਸ਼ਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਕਰਨਲ ਆਰ.ਕੇ ਜੈਨ, ਕਰਨਲ ਡੀਐੱਸ ਗਰੇਵਾਲ ਅਤੇ ਡਾ. ਰਾਜੀਵ ਸਹਿਗਲ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਅਤੇ ਬੀਰ ਰਸੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਦਲਬੀਰ ਸਿੰਘ ਮੱਕੜ, ਡਾ. ਪਰਮਿੰਦਰ ਗਿੱਲ, ਡਾ. ਸੁਖਵਿੰਦਰ ਸਿੰਘ, ਡਾ. ਮਮਤਾ ਕੋਚਰ ਆਦਿ ਵੀ ਹਾਜ਼ਰ ਸਨ।