ਮੁਲਾਜ਼ਮਾਂ ਨੇ ਗਣਤੰਤਰ ਦਿਵਸ ਨੂੰ ‘ਵਿਰੋਧ ਦਿਵਸ’ ਵਜੋਂ ਮਨਾਇਆ

ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ; ਕਿਸਾਨਾਂ ਦੀ ਤਰਜ਼ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ

ਮੁਲਾਜ਼ਮਾਂ ਨੇ ਗਣਤੰਤਰ ਦਿਵਸ ਨੂੰ ‘ਵਿਰੋਧ ਦਿਵਸ’ ਵਜੋਂ ਮਨਾਇਆ

ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕਦੇ ਹੋਏ ਮੁਲਾਜ਼ਮ।

ਡੀ.ਪੀ.ਐੱਸ ਬੱਤਰਾ
ਸਮਰਾਲਾ, 27 ਜਨਵਰੀ

ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਸਮਰਾਲਾ ਪੰਜਾਬ ਦੇ ਫੈਸਲੇ ਤਹਿਤ ਵੱਖ-ਵੱਖ ਵਿਭਾਗਾਂ ਦੇ ਠੇਕਾ-ਰੈਗੂਲਰ ਮੁਲਾਜ਼ਮਾਂ, ਸਅਨਤੀ ਮਜ਼ਦੂਰਾਂ, ਪੈਨਸ਼ਨੀ ਮੁਲਾਜ਼ਮਾਂ ਨੇ ਗਣਤੰਤਰ ਦਿਵਸ ਨੂੰ ਵਿਰੋਧ ਦਿਵਸ ਵਜੋਂ ਮਨਾਇਆ। ਇਸ ਦੌਰਾਨ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਲੇਬਰ ਕਾਨੂੰਨਾਂ ਦੀਆਂ ਕਾਪੀਆਂ ਅੱਗ ਹਵਾਲੇ ਕੀਤੀਆਂ। ਇਥੇ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਕ੍ਰਮਵਾਰ ਕੁਲਦੀਪ ਸਿੰਘ ਬੁੱਢੇਵਾਲ, ਸਿਕੰਦਰ ਸਿੰਘ, ਭਰਭੂਰ ਸਿੰਘ, ਕੁਲਵੰਤ ਸਿੰਘ ਤਰਕ ਤੇ ਸੰਗਤ ਸਿੰਘ ਸੇਖੋਂ ਕਿਹਾ ਕਿ ਭਾਰਤ ਸਰਕਾਰ ਨੇ ਕੌਮਾਂਤਰੀ ਮੁਦਰਾ ਫੰਡ ਦੇ ਇਸ਼ਾਰਿਆਂ ’ਤੇ ਪਹਿਲਾਂ ਤੈਅ ਕਾਨੂੰਨਾਂ ’ਚ ਤਬਦੀਲੀ ਕਰਕੇ ਜ਼ਰੂਰੀ ਵਸਤਾਂ (ਖੇਤੀ ਪੈਦਾਵਾਰ) ਅਤੇ ਜ਼ਰੂਰੀ ਸੇਵਾਵਾਂ (ਬਿਜਲੀ, ਵਿੱਦਿਆ, ਪਾਣੀ ਤੇ ਸਿਹਤ ਸਹੂਲਤਾਂ) ਨੂੰ ਨਿੱਜੀ ਦੇਸੀ-ਵਿਦੇਸ਼ੀ ਸ਼ਾਹੂਕਾਰਾਂ ਦੇ ਹਵਾਲੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਤੇ ਕਿਰਤ ਕਾਨੂੰਨਾਂ ਵਿੱਚ ਕੀਤੀ ਤਬਦੀਲੀ ਮਿਹਨਤਕਸ਼ ਲੋਕਾਂ ਦੇ ਹਰ ਵਰਗ ਨੂੰ ਤਬਾਹੀ ਵੱਲ ਧੱਕੇਗੀ।

ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਪਾਸ ਖੇਤੀ ਤੇ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਵੱਲੋਂ ਸੰਘਰਸ਼ ਵਿੱਢੇ ਜਾਣਗੇ।

ਗੁਰੂਸਰ ਸੁਧਾਰ (ਸੰਤੋਖ ਗਿੱਲ): ਲਲਤੋਂ ਕਲਾਂ ਡਿਵੀਜ਼ਨ ਦਫ਼ਤਰ ਅੱਗੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ‘ਤੇ ਬਿਜਲੀ ਮੁਲਾਜ਼ਮਾਂ ਨੇ ਨਵੇਂ ਲਾਗੂ ਕੀਤੇ ਗਏ ਕਿਰਤ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਟੀ.ਐੱਸ.ਯੂ ਦੇ ਸਰਕਲ ਸਕੱਤਰ ਜ਼ਮੀਰ ਹੁਸੈਨ ਅਤੇ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ‘ਤੇ ਅੰਦੋਲਨ ਕਰ ਰਹੇ ਹਨ। ਇਸ ਮੌਕੇ ਬਰਖ਼ਾਸਤ ਬਿਜਲੀ ਮੁਲਾਜ਼ਮ ਆਗੂ ਅਤੇ ਨਰੇਗਾ ਯੂਨੀਅਨ ਆਗੂ ਅੰਮ੍ਰਿਤਪਾਲ ਸਿੰਘ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੇ ਵੱਖ-ਵੱਖ ਜੱਥੇਬੰਦੀਆਂ ਦੇ ਸੈਂਕੜੇ ਆਗੂਆਂ ਨੇ ਕਰਤਾਰ ਚੰਦ ਅਤੇ ਜਗਦੇਵ ਸਿੰਘ ਦੀ ਅਗਵਾਈ ਹੇਠਾਂ ਜਥੇਬੰਦੀਆਂ ਦੇ ਮਾਟੋ ਅਤੇ ਬੈਨਰ ਲਗਾ ਕੇ ਵਿਸ਼ਾਲ ਰੋਸ ਧਰਨਾ ਦਿੰਦਿਆਂ 44 ਕਿਰਤ ਕਾਨੂੰਨਾਂ ਨੂੰ ਸੋਧ ਕੇ ਬਣਾਏ 4 ਕਿਰਤ ਕਾਨੂੰਨ ਕੋਡ ਅਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All