ਸੰਤੋਖ ਗਿੱਲ
ਗੁਰੂਸਰ ਸੁਧਾਰ, 17 ਮਈ
ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿੱਗ ਰਹੇ ਪੱਧਰ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਨ ਲਈ ਸਾਮਰਾਜੀ ਕਾਰਪੋਰੇਟ ਖੇਤੀ ਮਾਡਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਇੱਥੇ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਗੰਭੀਰ ਚਰਚਾ ਕੀਤੀ। ਸਾਥੀ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਡੇਹਲੋਂ ਵਿਚ ਹੋਈ ਮੀਟਿੰਗ ਵਿਚ ਜ਼ਿਲ੍ਹੇ ਦੇ ਅਹੁਦੇਦਾਰਾਂ, ਕਮੇਟੀ ਮੈਂਬਰਾਂ, ਬਲਾਕ ਪ੍ਰਧਾਨਾਂ ਸਮੇਤ ਸਕੱਤਰ ਵੀ ਸ਼ਾਮਲ ਹੋਏ। ਮੀਟਿੰਗ ਵਿਚ ਚਰਚਾ ਦੌਰਾਨ ਧਰਤੀ ਹੇਠਲੇ ਪਾਣੀ ਦੀ ਭਰਪਾਈ ਲਈ ਦਰਿਆਵਾਂ ਅਤੇ ਬਰਸਾਤੀ ਪਾਣੀ ਦੇ ਰੀਚਾਰਜ ਲਈ ਪ੍ਰਬੰਧ ਕਰਨ ਤੋਂ ਇਲਾਵਾ ਝੋਨੇ ਦੀ ਬਿਜਾਈ ਤੋਂ ਖਹਿੜਾ ਛੁਡਾਉਣ ਲਈ ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਕੀਤੇ ਜਾਣ ਦੀ ਮੰਗ ਕੀਤੀ ਗਈ। ਜਥੇਬੰਦੀ ਦੇ ਸੂਬਾਈ ਸਕੱਤਰ ਸ਼ਿੰਗਾਰਾ ਸਿੰਘ ਮਾਨ ਮੀਟਿੰਗ ਵਿਚ ਵਿਸ਼ੇਸ਼ ਅਬਜ਼ਰਵਰ ਵਜੋਂ ਸ਼ਾਮਲ ਹੋਏ। ਸੂਬਾ ਕਮੇਟੀ ਵੱਲੋਂ ਗੰਭੀਰਤਾ ਨਾਲ ਉਲੀਕੇ ਏਜੰਡੇ ਤਹਿਤ ਪਾਣੀ ਅਤੇ ਵਾਤਾਵਰਨ ਦੀ ਬਰਬਾਦੀ ਲਈ ਝੋਨੇ ਦੀ ਖੇਤੀ ’ਤੇ ਵਿਸਥਾਰ ਵਿਚ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਵਧ ਪਾਣੀ ਦੀ ਖਪਤ ਕਰਨ ਵਾਲੀ ਝੋਨੇ ਦੀ ਫ਼ਸਲ ਨੂੰ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਸਰਕਾਰੀ ਸਰਪ੍ਰਸਤੀ ਹੇਠ ਉਤਸ਼ਾਹਿਤ ਕੀਤਾ ਗਿਆ ਅਤੇ ਮੰਡੀਕਰਨ ਵੀ ਦਿੱਤਾ ਗਿਆ। ਅਜਿਹੇ ਖੇਤੀ ਮਾਡਲ ਨੇ ਵੱਡੇ ਘਰਾਣਿਆਂ ਨੂੰ ਮਾਲੋਮਾਲ ਕੀਤਾ ਅਤੇ ਖੇਤੀ ਨਾਲ ਜੁੜੇ ਲੋਕਾਂ ਨੂੰ ਕੰਗਾਲ ਕਰ ਦਿੱਤਾ ਹੈ। ਪੰਜਾਬ ਦਾ ਅੰਮ੍ਰਿਤ ਵਰਗਾ ਪਾਣੀ, ਧਰਤੀ ਅਤੇ ਆਬੋ-ਹਵਾ ਨੂੰ ਦੂਸ਼ਿਤ ਕਰ ਦਿੱਤਾ ਗਿਆ ਅਤੇ ਦੋਸ਼ ਵੀ ਕਿਸਾਨਾਂ ਸਿਰ ਹੀ ਮੜ੍ਹ ਦਿੱਤਾ ਗਿਆ ਹੈ। ਇਸ ਮੌਕੇ ਕੁਲਦੀਪ ਸਿੰਘ ਗਰੇਵਾਲ, ਰਾਜਿੰਦਰ ਸਿੰਘ ਸਿਆੜ, ਸੁਦਾਗਰ ਸਿੰਘ ਘੁਡਾਣੀ ਹਾਜ਼ਰ ਸਨ।