ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਦਸੰਬਰ
ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਿਟੀ ਗਲਾਡਾ ਦੇ ਅਧੀਨ ਕਰੀਬ 2000 ਨਾਜਾਇਜ਼ ਕਲੋਨੀਆਂ ਬਣ ਚੁੱਕੀਆਂ ਹਨ। ਇਨ੍ਹਾਂ ਨਾਜਾਇਜ਼ ਕਲੋਨੀਆਂ ’ਤੇ ਨਕੇਲ ਕੱਸਣ ਲਈ ਗਲਾਡਾ ਦੇ ਮੁੱਖ ਪ੍ਰਸ਼ਾਸਕ (ਸੀਏ) ਰਿਸ਼ੀਪਾਲ ਸਿੰਘ ਨੇ ਸਖਤੀ ਵਰਤਦੇ ਹੋਏ ਪਾਵਰਕੌਮ ਨੂੰ ਚਿੱਠੀ ਲਿਖ ਕੇ ਨਾਜਾਇਜ਼ ਕਲੋਨੀਆਂ ’ਚ ਨਾ ਤਾਂ ਨਵਾਂ ਬਿਜਲੀ ਕੁਨੈਕਸ਼ਨ ਜਾਰੀ ਕਰਨ ਤੇ ਜਿਨ੍ਹਾਂ ਨਾਜਾਇਜ਼ ਕਲੋਨੀਆਂ ’ਚ ਬਣੀਆਂ ਬਿਲਡਿੰਗਾਂ ਨੂੰ ਕੁਨੈਕਸ਼ਨ ਜਾਰੀ ਕੀਤੇ ਹਨ, ਉਨ੍ਹਾਂ ਦਾ ਕੁਨੈਕਸ਼ਨ ਕੱਟਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਚਿੱਠੀ ਦੇ ਜਾਰੀ ਹੋਣ ਤੋਂ 24 ਘੰਟੇ ਬਾਅਦ ਹੀ ਸੀਏ ਰਿਸ਼ੀਪਾਲ ਦੀ ਬਦਲੀ ਕਰ, ਨੂੰ ਨਗਰ ਨਿਗਮ ਵਿੱਚ ਵਧੀਕ ਕਮਿਸ਼ਨਰ ਵਜੋਂ ਤਾਇਨਾਤ ਕਰ ਦਿੱਤਾ ਹੈ। ਗਲਾਡਾ ਦਫ਼ਤਰ ਵਿੱਚ ਚਰਚਾ ਹੈ ਕਿ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਨੇ ਇੱਕ ਵਿਧਾਇਕ ਦੇ ਜਰੀਏ ਇਹ ਦਬਾਅ ਬਣਾਇਆ।
ਬਿਨਾਂ ਐੱਨਓਸੀ ਦੇ ਦਿੱਤੇ ਜਾ ਰਹੇ ਨੇ ਕੁਨੈਕਸ਼ਨ
ਪਾਵਰਕੌਮ ਵੱਲੋਂ ਬਿਨਾਂ ਗਲਾਡਾ ਦੀ ਐੱਨਓਸੀ ਦੇ ਨਾਜਾਇਜ਼ ਕਲੋਨੀਆਂ ਤੇ ਉਸਾਰੀਆਂ ਨੂੰ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ, ਜਿਸ ਨਾਲ ਨਾਜਾਇਜ਼ ਕਲੋਨੀਆਂ ਤੇ ਉਸਾਰੀਆਂ ਦਿਨ ਪ੍ਰਤੀ ਦਿਨ ਬਿਨਾਂ ਰੋਕ ਟੋਕ ਦੇ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ। ਸੀਏ ਨੇ ਪਾਵਰਕੌਮ ਨੂੰ ਇਹ ਵੀ ਲਿਖਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਲਿਖਿਆ ਸੀ ਪਰ ਇਸ ਸਬੰਧੀ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ।