ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 9 ਮਾਰਚ
ਪਿਛਲੀਆਂ ਕਿਸੇ ਵੀ ਪੱਧਰ ਦੀਆਂ ਚੋਣਾਂ ਦੇ ਰੁਝਾਨ ਤੋਂ ਉਲਟ ਇਸ ਵਾਰ ਹਲਵਾਈ ਵੋਟਾਂ ਦੀ ਗਿਣਤੀ ਤੋਂ ਇੱਕ ਰਾਤ ਪਹਿਲਾਂ ਤੱਕ ਲੱਡੂਆਂ ਦੇ ਵੱਡੇ ਆਰਡਰ ਉਡੀਕ ਰਹੇ ਹਨ। ਹਲਕਾ ਅਮਰਗੜ੍ਹ ਅਤੇ ਹਲਕਾ ਗਿੱਲ ਤੋਂ ਚੋਣ ਲੜ ਰਹੇ ਘੱਟੋ-ਘੱਟ ਛੇ ਉਮੀਦਵਾਰ ਭਾਵੇਂ ਹੁਣ ਤੱਕ ਵੱਡੇ ਫ਼ਰਕ ਨਾਲ ਆਪਣੀ ਆਪਣੀ ਸੀਟ ਜਿੱਤਣ ਦਾ ਦਾਅਵਾ ਕਰਦੇ ਰਹੇ ਹਨ ਪਰ ਕਿਸੇ ਦੀ ਵੀ ਇਹ ਹਿੰਮਤ ਨਹੀਂ ਪਈ ਕਿ ਜਸ਼ਨ ਮਨਾਉਣ ਦੀ ਤਿਆਰੀ ਕਰ ਸਕੇ।
ਭਾਵੇਂ ਹਾਲੇ ਤੱਕ ਕਿਸੇ ਵੀ ਹਲਵਾਈ ਨੇ ਵੀਰਵਾਰ ਲਈ ਕਿਸੇ ਸਿਆਸੀ ਆਗੂ ਵੱਲੋਂ ਲੱਡੂਆਂ ਜਾਂ ਮਠਿਆਈਆਂ ਦੇ ਆਰਡਰ ਮਿਲਣ ਦੀ ਗੱਲ ਨਹੀਂ ਮੰਨੀ ਪਰ ਕਈ ਹਲਵਾਈਆਂ ਦੇ ਕਾਰੀਗਰ ਮੋਤੀਚੂਰ ਅਤੇ ਬੇਸਨ ਦੇ ਲੱਡੂ ਇਸ ਆਸ ਨਾਲ ਤਿਆਰ ਕਰਦੇ ਦੇਖ ਗਏ ਕਿ ਕੋਈ ਤਾਂ ਜਿੱਤਿਆ ਹੋਇਆ ਉਮੀਦਵਾਰ ਉਨ੍ਹਾਂ ਤੋਂ ਲੱਡੂ ਖ਼ਰੀਦਣ ਆਵੇਗਾ। ਇਹ ਵੀ ਦੱਸਿਆ ਗਿਆ ਕਿ ਰੂਸ-ਯੂਕਰੇਨ ਜੰਗ ਕਾਰਨ ਘਿਓ, ਚੀਨੀ ਤੇ ਬੇਸਨ ਆਦਿ ਦੇ ਭਾਅ ਵਧਣ ਕਾਰਨ ਇਸ ਵਾਰ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਲੱਡੂ ਪਹਿਲਾਂ ਨਾਲੋਂ ਮਹਿੰਗੇ ਖ਼ਰੀਦਣੇ ਪੈਣਗੇ।
ਇੱਥੋਂ ਦੀ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਚਾਨਣ ਚੌਧਰੀ ਨੇ ਦੱਸਿਆ ਕਿ ਭਾਵੇਂ ਚੋਣਾਂ ਦੌਰਾਨ ਕਾਂਗਰਸ, ‘ਆਪ’, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਚੋਣ ਦਫ਼ਤਰਾਂ ਤੋਂ ਖਾਣ-ਪੀਣ ਦੀਆਂ ਵਸਤਾਂ ਅਤੇ ਮਠਿਆਈਆਂ ਦੇ ਆਰਡਰ ਆਮ ਆਉਂਦੇ ਰਹੇ ਹਨ ਪਰ ਵੋਟਾਂ ਪੈਣ ਤੋਂ ਬਾਅਦ ਕਿਸੇ ਨੇ ਵੀ ਕਿਸੇ ਮਠਿਆਈ ਦਾ ਆਰਡਰ ਨਹੀਂ ਦਿੱਤਾ। ਯੂਨੀਅਨ ਦੀ ਸੂਬਾ ਇਕਾਈ ਤੋਂ ਪ੍ਰਾਪਤ ਜਾਣਕਾਰੀ ਦੇ ਹਵਾਲੇ ਨਾਲ ਚਾਨਣ ਚੌਧਰੀ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਹਰ ਚੋਣ ਦੌਰਾਨ ਕਰੀਬ ਦੋ ਹਜ਼ਾਰ ਕੁਇੰਟਲ ਲੱਡੂ ਬਣਾਏ ਜਾਂਦੇ ਹਨ।
ਗਾਂਧੀ ਚੌਕ ਦੇ ਰਾਜਨ ਸ਼ਰਮਾ ਨੇ ਦੱਸਿਆ ਕਿ ਬੀਤੇ ਹਫ਼ਤੇ ਦੌਰਾਨ ਘਿਓ, ਚੀਨੀ ਤੇ ਬੇਸਨ ਦੇ ਭਾਅ ਵਧਣ ਕਰ ਕੇ ਲੱਡੂਆਂ ਦਾ ਭਾਅ ਵੀਹ ਤੋਂ ਤੀਹ ਰੁਪਏ ਪ੍ਰਤੀ ਕਿਲੋ ਵਧ ਗਿਆ ਹੈ।
‘ਆਪ’ ਅਤੇ ਕਾਂਗਰਸ ਨੇ ਦਿੱਤੇ ਲੱਡੂਆਂ ਦੇ ਆਰਡਰ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਭਲਕੇ 10 ਮਾਰਚ ਨੂੰ ਹੋਵੇਗੀ ਅਤੇ ਕਰੀਬ ਬਾਅਦ ਦੁਪਹਿਰ 12 ਵਜੇ ਤੋਂ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਕਿਹੜਾ ਉਮੀਦਵਾਰ ਜਿੱਤੇਗਾ। ਹਲਕਾ ਸਮਰਾਲਾ ਵਿਚ ਦੋ ਪਾਰਟੀਆਂ ਦੇ ਸਮਰਥਕਾਂ ਨੇ ਆਪੋ-ਆਪਣੀ ਜਿੱਤ ਯਕੀਨੀ ਮੰਨ ਕੇ ਐਡਵਾਂਸ ਹੀ ਹਲਵਾਈ ਨੂੰ 2-2 ਕੁਇੰਟਲ ਲੱਡੂ ਤਿਆਰ ਕਰਨ ਦਾ ਆਰਡਰ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਸਮਰਾਲਾ ਵਿਚ ਵਿਧਾਨ ਸਭਾ ਚੋਣਾਂ ਵਿਚ 14 ਉਮੀਦਵਾਰ ਮੈਦਾਨ ਵਿਚ ਹਨ। ਹਲਕਾ ਸਮਰਾਲਾ ਵਿਚ ‘ਆਪ’ ਤੇ ਕਾਂਗਰਸ ਦੇ ਸਮਰਥਕਾਂ ਨੂੰ ਆਪਣੀਆਂ ਪਾਰਟੀਆਂ ਦੀ ਜਿੱਤ ’ਤੇ ਐਨਾ ਵਿਸ਼ਵਾਸ਼ ਹੈ ਕਿ ਉਨ੍ਹਾਂ 2-2 ਕੁਇੰਟਲ ਲੱਡੂਆਂ ਦਾ ਆਰਡਰ ਦੇ ਦਿੱਤਾ ਅਤੇ ਬਣਦੀ ਅਦਾਇਗੀ ਵੀ ਕਰ ਦਿੱਤੀ ਹੈ। ਪਿਆਰਾ ਸਵੀਟਸ ਦੇ ਮਾਲਕ ਪਹਿਲਵਾਨ ਸ਼ੰਮੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ‘ਆਪ’ ਅਤੇ ਕਾਂਗਰਸ ਦੇ ਸਮਰਥਕ 2-2 ਕੁਇੰਟਲ ਲੱਡੂ ਤਿਆਰ ਕਰਨ ਲਈ ਆਖ ਗਏ ਹਨ। ਸ਼ੰਮੀ ਪਹਿਲਵਾਨ ਨੇ ਕਿਹਾ ਕਿ ਬਾਕੀ ਭਲਕੇ 12 ਵਜੇ ਪਤਾ ਲੱਗੇਗਾ ਕਿ ਇਹ ਜਿੱਤ ਦੇ ਲੱਡੂ ਕਿਸ ਪਾਰਟੀ ਦੇ ਹਿੱਸੇ ਆਉਂਦੇ ਹਨ।