ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 8 ਫ਼ਰਵਰੀ
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਦੇ ਹੱਕ ਵਿੱਚ ਪਿੰਡ ਸੁਧਾਰ ਵਿਚ ਜਥੇਦਾਰ ਇੰਦਰਜੀਤ ਸਿੰਘ ਗਿੱਲ ਦੇ ਘਰ ਕੀਤੇ ਗਏ ਚੋਣ ਜਲਸੇ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਵਿਚ ਗੱਠਜੋੜ ਸਰਕਾਰ ਬਣੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿਚ ਗੱਠਜੋੜ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਆਮ ਆਦਮੀ ਪਾਰਟੀ ’ਤੇ ਦੋਸ਼ ਲਾਇਆ ਕਿ ਇਹ ਸਿਰਫ਼ ਨਾਮ ਦੀ ਹੀ ਆਮ ਆਦਮੀ ਪਾਰਟੀ ਹੈ ਪ੍ਰੰਤੂ ਇਸ ਵਿੱਚ ਸਾਰੇ ਹੀ ਖ਼ਾਸ ਲੋਕ ਭਰਤੀ ਕੀਤੇ ਹੋਏ ਹਨ। ਇੰਨਾ ਵਿੱਚੋਂ ਬਹੁਤਿਆਂ ਨੇ ਵਿਧਾਨ ਸਭਾ ਚੋਣਾਂ ਲੜਨ ਲਈ ਕਰੋੜਾਂ ਰੁਪਏ ਮੁੱਲ ਦੀਆਂ ਟਿਕਟਾਂ ਖ਼ਰੀਦੀਆਂ ਹਨ।
ਆਗੂਆਂ ਨੇ ਕਾਂਗਰਸ ਪਾਰਟੀ ਬਾਰੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਜ਼ਖ਼ਮ ਸਿੱਖ ਅਤੇ ਪੰਜਾਬੀ ਕਦੇ ਭੁੱਲ ਹੀ ਨਹੀਂ ਸਕਦੇ। ਉਮੀਦਵਾਰ ਬਲਵਿੰਦਰ ਸਿੰਘ ਸੰਧੂ ਨੇ ਕਾਂਗਰਸ ਦੇ ਰਾਜ ਨੂੰ ਵਿਨਾਸ਼ਕਾਰੀ ਦੱਸਦਿਆਂ ਵੋਟਾਂ ਲਈ ਅਪੀਲ ਕੀਤੀ। ਜਥੇਦਾਰ ਨਰਿੰਦਰ ਸਿੰਘ ਸੰਘੇੜਾ, ਸਤਪਾਲ ਸਿੰਘ ਝੋਰੜਾਂ, ਗੁਰਚੀਨ ਸਿੰਘ ਰੱਤੋਵਾਲ, ਮਿਹਰ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ।