ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਮਈ
ਥਾਣਾ ਕੂਮਕਲਾਂ ਦੇ ਇਲਾਕੇ ਪਿੰਡ ਚੱਕ ਸਰਵਣਨਾਥ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਇੱਕ ਬਜ਼ੁਰਗ ਜੋੜਾ ਸਖ਼ਤ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪਿੰਡ ਰਾਏਪੁਰ ਰਾਜਪੂਤਾਂ (ਖੰਨਾ) ਵਾਸੀ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਅਮਰੀਕ ਸਿੰਘ (53 ਸਾਲ) ਅਤੇ ਮਾਤਾ ਪਰਮਜੀਤ ਕੌਰ (50 ਸਾਲ) ਮੋਟਰਸਾਈਕਲ ’ਤੇ ਪਿੰਡ ਉਪਲਾਂ ਸਤਿਸੰਗ ’ਤੇ ਜਾ ਰਹੇ ਸਨ ਤਾਂ ਪਿੰਡ ਚੱਕ ਸਰਵਨਨਾਥ ਕੋਲ ਇਕ ਮੋਟਰਸਾਈਕਲ ਚਾਲਕ ਨੇ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰੀ। ਇਸ ਨਾਲ ਦੋਵੇਂ ਜਣੇ ਹੇਠਾਂ ਡਿੱਗ ਪਏ ਅਤੇ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਰਾਜਵੰਤ ਹਸਪਤਾਲ ਦੋਰਾਹਾ ਦਾਖ਼ਲ ਕਰਾਇਆ ਗਿਆ ਜਿੱਥੇ ਮਾਤਾ ਪਰਮਜੀਤ ਕੌਰ ਨੂੰ ਮੁੱਢਲੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ ਜਦਕਿ ਪਿਤਾ ਅਮਰੀਕ ਸਿੰਘ ਇਲਾਜ ਅਧੀਨ ਹਨ। ਥਾਣੇਦਾਰ ਦਿਲਬਾਗ ਰਾਏ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੋਟਰਸਾਈਕਲ ਚਾਲਕ ਵਸ਼ਿਸ਼ਟ ਵਾਸੀ ਗਾਂਧੀ ਕਲੋਨੀ ਫੋਕਲ ਪੁਆਇੰਟ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।