ਗਗਨਦੀਪ ਅਰੋੜਾ
ਲੁਧਿਆਣਾ, 25 ਫਰਵਰੀ
ਇੱਥੇ ਦੇ ਫੁਲਾਂਵਾਲ ਨੇੜੇ ਦੋ ਏਜੰਸੀਆਂ ਦੇ ਪੈਸੇ ਇਕੱਠੇ ਕਰਕੇ ਫਿਰੋਜ਼ਪੁਰ ਰੋਡ ਸਥਿਤ ਬੈਂਕ ਵਿਚ ਜਮ੍ਹਾਂ ਕਰਵਾਉਣ ਜਾ ਰਹੇ ਦੋ ਨੌਜਵਾਨਾਂ ਕੋਲੋਂ ਮੋਟਰਸਾਈਕਲ ਸਵਾਰ ਛੇ ਲੁਟੇਰਿਆਂ ਨੇ 8 ਲੱਖ ਰੁਪਏ ਅੱਖਾਂ ਵਿਚ ਮਿਰਚਾਂ ਪਾ ਕੇ ਲੁੱਟ ਲਏ। ਲੁਟੇਰੇ ਜਾਂਦੇ ਹੋਏ ਆਪਣੇ ਦੋ ਮੋਟਰਸਾਈਕਲ ਉਥੇ ਹੀ ਛੱਡ ਕੇ ਮੌਕੇ ਤੋਂ ਏਜੰਸੀ ਦੇ ਕਰਿੰਦੇ ਦੀ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਥਾਣਾ ਦੁਗਰੀ ਤੇ ਪੁਲੀਸ ਚੌਕੀ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਮੋਟਰਸਾਈਕਲਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲੀਸ ਨੂੰ ਮੌਕੇ ਤੋਂ ਸੀਸੀਟੀਵੀ ਫੁਟੇਜ਼ ਵੀ ਮਿਲੀ ਹੈ, ਜਿਸ ਵਿਚ ਛੇ ਲੁਟੇਰੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ। ਥਾਣਾ ਦੁੱਗਰੀ ਦੇ ਐਸਐਚਓ ਇੰਸਪੈਕਟਰ ਸੁਰਿੰਦਰ ਚੌਪੜਾ ਨੇ ਦੱਸਿਆ ਕਿ ਐਸਆਈਐਸ ਕੈਸ਼ ਸਰਵਿਸ ਕੰਪਨੀ ਦੇ ਮੁਲਾਜ਼ਮ ਗੁਰਵਿੰਦਰ ਸਿੰਘ ਤੇ ਪ੍ਰਦੀਪ ਕੁਮਾਰ ਦੋ ਕੰਪਨੀਆਂ ਤੋਂ ਅੱਠ ਲੱਖ ਰੁਪਏ ਲੈ ਕੇ ਆਏ ਸਨ। ਦੋਵਾਂ ਨੇ ਪੈਸੇ ਐਕਟਿਵਾ ਦੀ ਡਿੱਗੀ ਵਿਚ ਰੱਖੇ ਸਨ। ਉਹ ਫਿਰੋਜ਼ਪੁਰ ਰੋਡ ਸਥਿਤ ਇੱਕ ਪ੍ਰਾਈਵੇਟ ਬੈਂਕ ਵਿਚ ਪੈਸੇ ਜਮ੍ਹਾਂ ਕਰਵਾਉਣ ਲਈ ਜਾ ਰਹੇ ਸਨ। ਜਦੋਂ ਉਹ ਦੋਵੇਂ ਫੁੱਲਾਂਵਾਲ ਚੌਂਕ ਨੇੜੇ ਪੁੱਜੇ ਤਾਂ ਤਿੰਨ ਮੋਟਰਸਾਈਕਲ ’ਤੇ ਸਵਾਰ ਛੇ ਮੁਲਾਜ਼ਮ ਨੇ ਉਨ੍ਹਾਂ ਨੂੰ ਪਿੱਛੋਂ ਘੇਰਾ ਪਾ ਲਿਆ। ਇਸ ਦੌਰਾਨ ਇੱਕ ਮੁਲਜ਼ਮ ਨੇ ਹੱਥ ਵਿਚ ਫੜ੍ਹੀਆਂ ਮਿੱਰਚਾਂ ਉਨ੍ਹਾਂ ਦੋਵਾਂ ਦੀਆਂ ਅੱਖਾਂ ਵਿਚ ਪਾ ਦਿੱਤੀਆਂ ਤੇ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਪੁਲੀਸ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼ੱਕੀ ਲਗਦਾ ਹੈ, ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।