ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਮਈ
ਫੋਕਲ ਪੁਆਇੰਟ ਬਿਜਲੀ ਦਫ਼ਤਰ ਦੇ ਬਾਹਰ ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜਮਾਲਪੁਰ ਸਥਿਤ ਸ੍ਰੀ ਵਿਸ਼ਵਨਾਥ ਮੰਦਰ ਕਮੇਟੀ ਦੇ ਮੈਂਬਰਾਂ ਤੇ ਸ਼ਰਧਾਲੂਆਂ ਨੇ ਧਰਨਾ ਲਾਇਆ ਤੇ ਇਸ ਦੌਰਾਨ ਇੱਕ ਨੌਜਵਾਨ ਨੇ ਖੁਦ ’ਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਕਾਬੂ ਕੀਤਾ। ਪ੍ਰਦਰਸ਼ਨਕਾਰੀ ਦੋਸ਼ ਲਾ ਰਹੇ ਸਨ ਕਿ 2 ਦਿਨ ਪਹਿਲਾਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਬਿਜਲੀ ਚੋਰੀ ਦਾ ਦੋਸ਼ ਲਾ ਕੇ ਮੰਦਰ ਦੀ ਬਿਜਲੀ ਕੱਟ ਦਿੱਤੀ ਤੇ ਅੰਦਰ ਜੁੱਤੀਆਂ ਚੱਪਲਾਂ ਲਿਜਾ ਕੇ ਮੰਦਰ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ। ਇਸ ਸਬੰਧੀ ਮੰਦਰ ਕਮੇਟੀ ਤੇ ਸ਼ਰਧਾਲੂਆਂ ਵੱਲੋਂ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ। ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਜਤਿੰਦਰ ਗੋਰੀਅਨ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਕਿਸੇ ਵੀ ਧਰਮ ਦੇ ਨਾਲ ਮਤਰੇਇਆ ਵਿਵਹਾਰ ਨਹੀਂ ਕੀਤਾ ਜਾਵੇਗਾ, ਪਰ ਸਰਕਾਰ ਦੇ ਮੁਲਾਜ਼ਮ ਇਸ ਦੇ ਉਲਟ ਚੱਲ ਰਹੇ ਹਨ। ਜਮਲਾਪੁਰ ’ਚ ਸ੍ਰੀ ਵਿਸ਼ਵਨਾਥ ਮੰਦਰ ਬਣਿਆ ਹੋਇਆ ਹੈ। ਜਿੱਥੇ ਕਰੀਬ 15 ਕਿੱਲੋਵਾਟ ਮੀਟਰ ਲੱਗਿਆ ਹੈ ਤੇ ਜਨਰੇਟਰ ਵੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤਾ, ਪਰ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅੱਜ ਧਰਨਾ ਲਾਇਆ ਗਿਆ ਸੀ।
ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ: ਐੱਸਐੱਚਓ
ਥਾਣਾ ਮੋਤੀ ਨਗਰ ਦੇ ਐੱਸਐੱਚਓ ਇੰਸਪੈਕਟਰ ਨਰਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ ਸਥਾਨ ਦੀ ਬੇਅਦਬੀ ਦਾ ਦੋਸ਼ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਹੀ ਭਰੋਸਾ ਦਿੱਤਾ ਗਿਆ ਸੀ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਵੀ ਇਹੀ ਕਿਹਾ ਗਿਆ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਤੇ ਜਾਂਚ ਤੋਂ ਬਾਅਦ ਜਲਦੀ ਕਾਰਵਾਈ ਕਰ ਦਿੱਤੀ ਜਾਵੇਗੀ।
ਆਪਣੇ ’ਤੇ ਪੈਟਰੋਲ ਪਾ ਕੇ ਦਫ਼ਤਰ ਅੰਦਰ ਜਾਣ ਦੀ ਕੋਸ਼ਿਸ਼
ਬਿਜਲੀ ਦਫ਼ਤਰ ਦੇ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਤਾਂ ਜਤਿੰਦਰ ਗੋਰੀਅਨ ਨੇ ਬਿਜਲੀ ਦਫ਼ਤਰ ਦੇ ਬਾਹਰ ਹੀ ਖੁਦ ’ਤੇ ਪੈਟਰੋਲ ਪਾ ਕੇ ਅੱਗ ਲਾ ਕੇ ਆਤਮਦਾਹ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਕਿਸੇ ਨੇ ਜਦੋਂ ਨਹੀਂ ਸੁਣਿਆ ਤਾਂ ਜਤਿੰਦਰ ਗੋਰੀਅਨ ਨੇ ਖੁਦ ’ਤੇ ਪੈਟਰੋਲ ਪਾਇਆ ਤੇ ਦਫ਼ਤਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ 2 ਬੈਰੀਕੇਡ ਪਾਰ ਗਿਆ ਤੇ ਅੰਦਰ ਜਾ ਕੇ ਐਕਸੀਅਨ ਦੇ ਕਮਰੇ ਵੱਲ ਜਾਣ ਲੱਗਿਆ ਤਾਂ ਕਿ ਉਹ ਖੁਦਕੁਸ਼ੀ ਕਰ ਸਕੇ, ਪਰ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਕਿਸੇ ਤਰ੍ਹਾਂ ਕਾਬੂ ਕਰ ਲਿਆ। ਜਿਸ ਨੂੰ ਲੈ ਕੇ ਉੱਥੇ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਕਾਫ਼ੀ ਬਹਿਸ ਹੋਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।