ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 8 ਅਕਤੂਬਰ
ਇੱਥੇ ਨਸ਼ੇੜੀਆਂ ਤੇ ਚੋਰਾਂ ਵੱਲੋਂ ਇਲਾਕੇ ਦੀਆਂ ਦਾਣਾ ਮੰਡੀਆਂ ਅਤੇ ਖਰੀਦ ਕੇਂਦਰਾਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨੂੰ ਦੇਖਦਿਆਂ ਕਿਸਾਨਾਂ, ਮਜ਼ਦੂਰਾਂ ਅਤੇ ਹੋਰਨਾਂ ਲਈ ਆਦਰਸ਼ ਪਬਲਿਕ ਹੈਲਥ ਸਹੂਲਤਾਂ ਲਗਾਤਾਰ ਮੁਹੱਈਆ ਕਰਵਾਉਣਾ ਪੰਜਾਬ ਮੰਡੀਕਰਨ ਬੋਰਡ ਲਈ ਟੇਢੀ ਖੀਰ ਬਣਿਆ ਜਾਪਦਾ ਹੈ। ਇੱਥੋਂ ਟੂਟੀਆਂ, ਬੱਲਬ, ਪਾਣੀ ਪੀਣ ਲਈ ਰੱਖੇ ਭਾਂਡੇ, ਸਾਬਣ ਤੋਂ ਇਲਾਵਾ ਸੀਜ਼ਨ ਦੇ ਸ਼ੁਰੂਆਤ ਵਿੱਚ ਤਾਂ ਦਰਵਾਜ਼ੇ ਤੇ ਖਿੜਕੀਆਂ ਵੀ ਉਤਾਰ ਲਏ ਜਾਂਦੇ ਹਨ। ਇਲਾਕੇ ਦੇ ਖਰੀਦ ਕੇਂਦਰਾਂ ਅਤੇ ਦਾਣਾ ਮੰਡੀਆਂ ਦੇ ਦੌਰੇ ਦੌਰਾਨ ਦੇਖਿਆ ਗਿਆ ਕਿ ਜ਼ਿਆਦਾਤਰ ਕੇਂਦਰਾਂ ਵਿਖੇ ਗੈਰਸਮਾਜੀ ਅਨਸਰਾਂ ਦੀ ਪਹੁੰਚ ਸੌਖੇ ਢੰਗ ਨਾਲ ਹੋ ਸਕਦੀ ਹੈ। ਰਾਤਾਂ ਵੇਲੇ ਕੋਈ ਸੁਰੱਖਿਆ ਪ੍ਰਬੰਧ ਨਾ ਹੋਣ ਕਰਕੇ ਜਿੱਥੇ ਨਸ਼ੇੜੀ ਬਾਥਰੂਮਾਂ ਆਦਿ ਦੀ ਵਰਤੋਂ ਆਪਣੇ ਮੰਤਵ ਲਈ ਕਰਦੇ ਹਨ ਉੱਥੇ ਉਹ ਜਾਣ ਲੱਗੇ ਜਾਂ ਤਾਂ ਕੋਈ ਮਹਿੰਗੀ ਵਸਤੂ ਚੋਰੀ ਕਰਕੇ ਲੈ ਜਾਂਦੇ ਹਨ ਜਾਂ ਫੇਰ ਨੁਕਸਾਨ ਕਰ ਦਿੰਦੇ ਹਨ।
ਮੰਡੀਕਰਨ ਬੋਰਡ ਦੇ ਚੀਫ਼ ਇੰਜਨੀਅਰ ਜਤਿੰਦਰ ਸਿੰਘ ਭੰਗੂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਠਹਿਰਣ ਵੇਲੇ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਹਾਲ ਹੀ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਬੋਰਡ ਦੇ ਚੇਅਰਮੈਨ ਕਮ ਐਡੀਸ਼ਨਲ ਚੀਫ਼ ਸੈਕਟਰੀ ਸਰਵਜੀਤ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੇ ਵੇਰਵੇ ਨਾਲ ਸ੍ਰੀ ਭੰਗੂ ਨੇ ਦਾਅਵਾ ਕੀਤਾ ਕਿ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਸ੍ਰੀ ਭੰਗੂ ਨੇ ਦਾਅਵਾ ਕੀਤਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਹਰ ਪਿੰਡ ਦੇ ਕੇਂਦਰ ਵਿੱਚ ਮਰਦਾਂ ਤੇ ਔਰਤਾਂ ਲਈ ਵੱਖਰੇ ਵੱਖਰੇ ਘੱਟੋ ਘੱਟੋ ਦੋ ਪਖਾਨੇ ਤਿਆਰ ਕੀਤੇ ਗਏ ਹਨ।
ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ: ਐੱਸਡੀਓ
ਜਗੇੜਾ ਰੋਡ ਸਥਿਤ ਇੱਥੋਂ ਦੀ ਦਾਣਾ ਮੰਡੀ ਵਿੱਚ ਪ੍ਰਬੰਧਾਂ ਦਾ ਨਿਰੀਖਣ ਕਰਨ ਆਏ ਐੱਸਡੀਓ ਜਤਿਨ ਸਿੰਗਲਾ ਨੇ ਦਾਅਵਾ ਕੀਤਾ ਕਿ ਇਲਾਕੇ ਦੇ ਸਾਰੇ ਕੇਂਦਰਾਂ ਵਿੱਚ ਜਿੱਥੋਂ ਵੀ ਕੋਈ ਚੀਜ਼ ਚੋਰੀ ਹੋਈ ਹੈ ਜਾਂ ਨੁਕਸਾਨੀ ਗਈ ਹੈ ਉਸ ਨੂੰ ਠੀਕ ਕਰਵਾਉਣ ਲਈ ਸਬੰਧਤ ਸਟਾਫ਼ ਨੂੰ ਹਦਾਇਤਾਂ ਦੇ ਦਿੱਤੀਆਂ ਗਈ ਹਨ।