ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਅਕਤੂਬਰ
ਡਾਇਰੈਕਟਰ ਜਨਰਲ ਪੁਲੀਸ ਚੰਡੀਗੜ੍ਹ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੁਲੀਸ ਜ਼ਿਲ੍ਹਾ ਖੰਨਾ ਵੱਲੋਂ ਸਾਲ 2022 ਵਿਚ 3 ਅਕਤੂਬਰ ਤੱਕ ਐੱਨ.ਡੀ.ਪੀ.ਐੱਸ ਐਕਟ ਤਹਿਤ ਦਰਜ 311 ਮੁਕੱਦਮਿਆਂ ਅਨੁਸਾਰ ਫੜੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ। ਜਾਣਕਾਰੀ ਅਨੁਸਾਰ 48 ਕਿਲੋ 468 ਗ੍ਰਾਮ ਹੈਰੋਇਨ, ਸਮੈਕ 514 ਗ੍ਰਾਮ, ਚਰਸ 4 ਕਿਲੋ, ਗੋਲੀਆਂ-ਕੈਪਸੂਲ 63,113, ਗਾਂਜਾ 1 ਕੁਇੰਟਲ 37 ਕਿਲੋ, ਡੋਡੇ 68 ਕਿਲੋ, ਟੀਕੇ-ਸ਼ੀਸ਼ੀਆਂ 1644 ਨਸ਼ਟ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਜਦੋਂ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਹੁੰਦਾ ਹੈ ਤਾਂ ਮੁਲਜ਼ਮ ’ਤੇ ਮੁਕੱਦਮਾ ਮਾਲ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ। ਅਦਾਲਤ ਤੋਂ ਜ਼ਬਤ ਮਾਲ ਨੂੰ ਨਸ਼ਟ ਕਰਨ ਦੇ ਹੁਕਮ ਹਾਸਲ ਕੀਤੇ ਜਾਂਦੇ ਹਨ, ਜਿਸ ਨੂੰ ਅੱਗੇ ਨਸ਼ਟ ਕਰਨ ਲਈ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਰੇਂਜ ਦਫ਼ਤਰ ਲੁਧਿਆਣਾ ਵੱਲੋਂ ਜ਼ਿਲ੍ਹਾ ਪੱਧਰ ’ਤੇ ਡਰੱਗ ਡਿਸਪੋਜ਼ਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪਰਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਨਸ਼ਾਮੁਕਤ, ਭ੍ਰਿਸ਼ਟਾਚਾਰ ਮੁਕਤ ਤੇ ਸਾਫ ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵ ਕਾਰਨ ਨਸ਼ਾ ਕਰਨ ਵਾਲੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ ਤੇ ਨਸ਼ੇ ਦਾ ਆਦੀ ਮਨੁੱਖ ਜਿੱਥੇ ਆਰਥਿਕ ਤੌਰ ’ਤੇ ਕਮਜ਼ੋਰ ਹੋ ਜਾਦਾ ਹੈ, ਉੱਥੇ ਸਰੀਰਕ ਤੌਰ ’ਤੇ ਵੀ ਕਮਜ਼ੋਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਸੇਵਨ ਅਤੇ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਅਰੰਭੀ ਮੁਹਿੰਮ ਲਗਾਤਾਰ ਜਾਰੀ ਰਹੇਗੀ।