ਗਗਨਦੀਪ ਅਰੋੜਾ
ਲੁਧਿਆਣਾ, 20 ਸਤੰਬਰ
ਜੇਲ੍ਹ ’ਚ ਬੰਦ ਕੈਦੀਆਂ ਤੱਕ ਨਸ਼ਾ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲੀਸ ਦੇ ਹੀ ਮੁਲਾਜ਼ਮਾਂ ਰਾਹੀਂ ਪਹੁੰਚਾਇਆ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਵੱਲੋਂ ਕੀਤਾ ਗਿਆ ਹੈ। ਕੈਦੀਆਂ ਤੱਕ ਨਸ਼ਾ ਪਹੁੰਚਾਉਣ ’ਚ ਅਦਾਲਤ ਕੰਪਲੈਕਸ ’ਚ ਬਣਾਏ ਗਏ ਬਖਸ਼ੀਖਾਨੇ ਦੇ ਕੋਲ ਚਾਹ ਦੀ ਦੁਕਾਨ ਚਲਾਉਣ ਵਾਲਾ ਵੀ ਸ਼ਾਮਲ ਸੀ। ਉਹ ਪੁਲੀਸ ਮੁਲਾਜ਼ਮਾਂ ਦੇ ਰਾਹੀਂ ਮੁਲਜ਼ਮਾਂ ਤੱਕ ਨਸ਼ਾ ਪਹੁੰਚਾਉਂਦਾ ਸੀ। ਐੱਸਟੀਐੱਫ਼ ਵੱਲੋਂ ਇਸ ਮਾਮਲੇ ’ਚ ਹਾਲੇ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚੋਂ ਇੱਕ ਮੁਲਜ਼ਮ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ ਤੇ ਦੂਸਰਾ ਚਾਹ ਵਾਲਾ ਤੇ ਪੰਜਾਬ ਪੁਲੀਸ ਦਾ ਥਾਣੇਦਾਰ ਵੀ ਇਸ ’ਚ ਸ਼ਾਮਲ ਹੈ, ਜਦੋਂਕਿ ਇੱਕ ਹੋਰ ਹਵਾਲਾਤੀ ਹਾਲੇ ਜੇਲ੍ਹ ’ਚ ਸੀ। ਪੁਲੀਸ ਨੇ ਇਸ ਮਾਮਲੇ ’ਚ ਹਵਾਲਾਤੀ ਬੰਟੀ ਕੁਮਾਰ ਜੋ ਹਰਿਆਣਾ ਦੇ ਫਰੀਦਾਬਾਦ ਦਾ ਰਹਿਣ ਵਾਲਾ ਹੈ, ਜਦੋਂਕਿ ਅਰਵਾਰੁਲ ਉਰਫ਼ ਰਾਜੂ ਚਾਹ ਵਾਲਾ ਤੇ ਥਾਣੇਦਾਰ ਬਲਬੀਰ ਕੁਮਾਰ ਦੇ ਨਾਲ ਨਾਲ ਹਵਾਲਾਤੀ ਆਕਾਸ਼ ਕੁਮਾਰ ਉਰਫ਼ ਆਸ਼ੂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਮੌਕੇ ਏਆਈਜੀ ਐੱਸਟੀਐੱਫ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੇਲ੍ਹ ’ਚ ਬੰਦ ਫਰੀਦਾਬਾਦ ਵਾਸੀ ਹਵਾਲਾਤੀ ਬੰਟੀ ਕੁਮਾਰ ਉਰਫ਼ ਬੱਚੀ ਦੇ ਕਬਜ਼ੇ ’ਚੋਂ ਜੇਲ੍ਹ ਪ੍ਰਸ਼ਾਸਨ ਨੇ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ, ਜਿਸ ਤੋਂ ਬਾਅਦ ਐੱਸਟੀਐੱਫ਼ ਦੀ ਟੀਮ ਵੱਲੋਂ ਇੱਕ ਕੇਸ ਦਰਜ ਕਰ ਮੁਲਜ਼ਮ ਬੰਟੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਪੁਲੀਸ ਨੇ ਰਾਜੂ ਚਾਹ ਵਾਲੇ ਦੀ ਨਿਸ਼ਾਨਦੇਹੀ ’ਤੇ ਉਸਦੇ ਘਰ ਤੋਂ ਕਰੀਬ 110 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ।
ਬੰਟੀ ਤੋਂ ਪੁੱਛਗਿਛ ਦੌਰਾਨ ਰਾਜੂ ਚਾਹ ਵਾਲੇ ਦਾ ਨਾਮ ਸਾਹਮਣੇ ਆਇਆ ਤਾਂ ਪੁਲੀਸ ਨੇ ਰਾਜੂ ਦੇ ਨਾਲ ਜੇਲ੍ਹ ’ਚ ਬੰਦ ਹਵਾਲਾਤੀ ਆਕਾਸ਼ ਨੂੰ ਨਾਮਜ਼ਦ ਕੀਤਾ ਜਿਸ ਨੇ ਬੰਟੀ ਤੋਂ ਨਸ਼ਾ ਮੰਗਵਾਇਆ ਸੀ। ਐੱਸਟੀਐੱਫ਼ ਦੀ ਟੀਮ ਨੇ ਰਾਜੂ ਨੂੰ ਗ੍ਰਿਫ਼ਤਾਰ ਕਰ ਕੇ ਆਕਾਸ਼ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਤਾਂ ਪਤਾ ਲੱਗਿਆ ਕਿ ਬੰਟੀ ਜੇਲ੍ਹ ’ਚ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। ਉਹ ਰਾਜੂ ਚਾਹ ਵਾਲੇ ਕੋਲ ਆਪਣੀ ਸਾਥੀ ਰਾਹੀਂ ਨਸ਼ਾ ਪਹੁੰਚਦਾ ਕਰਦਾ ਸੀ ਤੇ ਰਾਜੂ ਦੀ ਬਖਸ਼ੀਖਾਨੇ ’ਚ ਚਾਹ ਜਾਂਦੀ ਸੀ ਜਿਸ ਕਾਰਨ ਉਸਦੀ ਥਾਣੇਦਾਰ ਬਲਵੀਰ ਨਾਲ ਚੰਗੀ ਗੱਲਬਾਤ ਹੋਣ ਲੱਗੀ ਅਤੇ ਉਨ੍ਹਾਂ ਨੇ ਪੂਰੀ ਸੈਟਿੰਗ ਕਰ ਲਈ ਕਿ ਅੰਦਰ ਨਸ਼ਾ ਪਹੁੰਚਾਇਆ ਜਾਵੇ। ਰਾਜੂ ਨੂੰ ਇਸ ਕੰਮ ਦੇ 4 ਤੋਂ 5 ਹਜ਼ਾਰ ਰੁਪਏ ਮਿਲਦੇ ਸਨ ਅਤੇ ਉਹ ਕੁਝ ਹਿੱਸਾ ਥਾਣੇਦਾਰ ਬਲਵੀਰ ਨੂੰ ਵੀ ਦੇ ਦਿੰਦਾ ਸੀ। ਬਲਵੀਰ ਕਿਸੇ ਨਾ ਕਿਸੇ ਹਵਾਲਾਤੀ ਨੂੰ ਰਾਜ਼ੀ ਕਰ ਲੈਂਦਾ ਸੀ ਕਿ ਉਹ ਜੇਲ੍ਹ ’ਚ ਬੰਟੀ ਤੱਕ ਨਸ਼ਾ ਪਹੁੰਚਾ ਦੇਵੇ। ਹਵਾਲਾਤੀ ਬਖਸ਼ੀਖਾਨੇ ਦੇ ਬਾਥਰੂਮ ’ਚ ਜਾ ਕੇ ਆਪਣੇ ਪ੍ਰਾਈਵੇਟ ਪਾਰਟਸ ’ਚ ਲੁਕਾ ਕੇ ਨਸ਼ਾ ਅੰਦਰ ਲੈ ਜਾਂਦੇ ਸਨ।
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਬਲਵੀਰ ਕਮਿਸ਼ਨਰੇਟ ਲੁਧਿਆਣਾ ’ਚ ਪੁਲੀਸ ਲਾਈਨ ’ਚ ਤਾਇਨਾਤ ਸੀ ਤੇ ਪਿਛਲੇ ਕਰੀਬ ਚਾਰ ਮਹੀਨੇ ਤੋਂ ਉਸਦੀ ਡਿਊਟੀ ਲੱਗ ਰਹੀ ਸੀ ਕਿ ਉਹ ਜੇਲ੍ਹ ਤੋਂ ਹਵਾਲਾਤੀਆਂ ਨੂੰ ਬਖਸ਼ੀਖਾਨੇ ਤੋਂ ਜੇਲ੍ਹ ’ਚ ਲੈ ਜਾਂਦਾ ਸੀ। ਇਸ ਦਾ ਫਾਇਦਾ ਰਾਜੂ ਨੇ ਚੁੱਕਿਆ ਅਤੇ ਉਹ ਬਲਵੀਰ ਨੂੰ ਪੈਸਿਆਂ ਦਾ ਲਾਲਚ ਦੇ ਨਸ਼ਾ ਸਪਲਾਈ ਕਰਵਾਉਣ ਲੱਗਿਆ ਸੀ। ਏਆਈਜੀ ਨੇ ਦੱਸਿਆ ਕਿ ਜੇਲ੍ਹ ’ਚ ਮੰਗ ਅਨੁਸਾਰ ਹੀ ਰਾਜੂ ਕੋਲ ਨਸ਼ਾ ਪੁੱਜਦਾ ਸੀ। ਜੇਲ੍ਹ ’ਚ ਜੇਕਰ ਕਿਸੇ ਨੂੰ ਹੈਰੋਇਨ, ਨਸ਼ੀਲਾ ਪਾਊਡਰ, ਗੋਲੀਆਂ ਜਾਂ ਫਿਰ ਅਫ਼ੀਮ ਚਾਹੀਦੀ ਹੁੰਦੀ ਸੀ ਤਾਂ ਰਾਜੂ ਰਾਹੀਂ ਥਾਣੇਦਾਰ ਬਲਵੀਰ ਕੁਮਾਰ ਕੋਲ ਨਸ਼ਾ ਪੁੱਜ ਜਾਂਦਾ ਤੇ ਉਹ ਸੈਟਿੰਗ ਕਰ ਅੰਦਰ ਬੰਟੀ ਤੱਕ ਨਸ਼ਾ ਪਹੁੰਚਾ ਦਿੰਦਾ ਸੀ। ਪੁਲੀਸ ਹੁਣ ਇਹ ਪਤਾ ਲਾਉਣ ’ਚ ਲੱਗੀ ਹੈ ਕਿ ਰਾਜੂ ਤੱਕ ਨਸ਼ਾ ਕੌਣ ਪਹੁੰਚਾਉਂਦਾ ਸੀ ਅਤੇ ਕਿਵੇਂ ਇਹ ਸਾਰਾ ਗੱਠਜੋੜ ਚੱਲ ਰਿਹਾ ਸੀ।
ਕੇਂਦਰੀ ਜੇਲ੍ਹ ’ਚੋਂ ਮਿਲੇ ਪੰਜ ਮੋਬਾਈਲ
ਲੁਧਿਆਣਾ: ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਅਚਨਚੇਤ ਚੈਕਿੰਗ ਦੌਰਾਨ ਪੰਜ ਮੋਬਾਈਲ ਮਿਲੇ ਹਨ। ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਹਵਾਲਾਤੀ ਰਣਜੀਤ ਸਿੰਘ ਤੋਂ ਇੱਕ ਮੋਬਾਈਲ ਮਿਲਿਆ ਜਦਕਿ ਚਾਰ ਹੋਰ ਲਾਵਾਰਸ ਹਾਲਤ ਵਿੱਚ ਬਰਾਮਦ ਹੋਏ ਹਨ। ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਜੇਲ੍ਹ ਨਿਯਮ ਭੰਗ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ